ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 16 ਨਵੰਬਰ
ਇੱਥੇ ਅੱਜ ਜ਼ਿਮਨੀ ਚੋਣ ਦੌਰਾਨ ‘ਆਪ’ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਲਈ ਪਹੁੰਚੇ ‘ਆਪ’ ਸਪਰੀਮੋ ਅਰਵਿੰਦ ਕੇਜਰੀਵਾਲ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਨੂੰ ਦੇਖਦਿਆਂ ਸ਼ਹਿਰ ਦੇ ਸਦਰ ਬਾਜ਼ਾਰ ’ਚ ਬਣੇ ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਫਰਵਾਹੀ ਬਾਜ਼ਾਰ ਨੂੰ ਪੂਰੀ ਤਰ੍ਹਾਂ ਪੁਲੀਸ ਵੱਲੋਂ ਸੀਲ ਕੀਤਾ ਹੋਇਆ ਸੀ। ਗਾਹਕਾਂ ਤੋਂ ਬਿਨਾਂ ਸੁੰਨਸਾਨ ਪਈਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਦਿਨ ਚੜ੍ਹਦੇ ਹੀ ਪੁਲੀਸ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਸਾਮਾਨ ਨਾ ਰੱਖਣ ਦੀ ਤਾਕੀਦ ਹੀ ਨਹੀਂ ਕੀਤੀ ਸਗੋਂ ਦੁਕਾਨਾਂ ਅੱਗੇ ਵਾਹਨ ਨਾ ਖੜ੍ਹਨ ਦੀ ਚਿਤਾਵਨੀ ਦਿੱਤੀ। ਇਸ ਕਾਰਨ ਦੁਕਾਨਦਾਰ ਪੁਲੀਸ ਦੀ ਘੁਰਕੀ ਕਾਰਨ ਬੇਵੱਸ ਬੈਠੇ ਸਨ। ਇਸ ਦੌਰਾਨ ਰੈਲੀ ਨੂੰ ਕਵਰ ਕਰਨ ਲਈ ਪਹੁੰਚੇ ਪੱਤਰਕਾਰਾਂ ਨੂੰ ਵੀ ਖੁਆਰ ਹੋਣਾ ਪਿਆ। ਪੁਲੀਸ ਮੁਲਾਜ਼ਮ ਪਾਰਟੀ ਦੇ ਸਿਫ਼ਾਰਸ਼ੀ ਬੰਦਿਆਂ ਨੂੰ ਵੀਆਈਪੀ ਰਸਤੇ ਰਾਹੀਂ ਰੈਲੀ ਵਿੱਚ ਜਾਣ ਦੇ ਰਹੇ ਸਨ ਪਰ ਪੱਤਰਕਾਰਾਂ ਨੂੰ ਜਾਣ ਤੋਂ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਨੇ ਆਪਣੇ ਲਾਮ ਲਸ਼ਕਰ ’ਤੇ ਗੱਡੀਆਂ ਦੇ ਵੱਡੇ ਕਾਫਲੇ ਨਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜਲੂਸ ਕੱਢਿਆ।