ਗੁਰਨਾਮ ਸਿੰਘ ਚੌਹਾਨ
ਖਨੌਰੀ, 15 ਨਵੰਬਰ
ਪੰਜਾਬ ਰਾਜ ਚੋਣ ਕਮਿਸ਼ਨ ਨੇ ਖਨੌਰੀ ਦੀ ਚੋਣ ਲਈ ਵੋਟਰ ਸੂਚੀਆਂ ਵਿੱਚ ਸੋਧ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਖਨੌਰੀ ਵਾਸੀਆਂ ਨੇ ਦੱਸਿਆ ਹੈ ਕਿ 8 ਜਨਵਰੀ 2023 ਨੂੰ ਨਗਰ ਪੰਚਾਇਤ ਖਨੌਰੀ ਦੀ ਮਿਆਦ ਖਤਮ ਹੋ ਗਈ ਸੀ ਉਸ ਤੋਂ ਬਾਅਦ ਸਰਕਾਰ ਨੇ ਚੋਣ ਕਰਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਹੁਣ ਸੁਪਰੀਮ ਕੋਰਟ ਕੋਰਟ ਦੇ ਆਦੇਸ਼ਾਂ ਮਗਰੋਂ ਚੋਣ ਕਮਿਸ਼ਨ ਨੇ ਦੋ ਦਿਨਾਂ ’ਚ ਮੁੱਢਲੀ ਵੋਟਰ ਸੂਚੀ ਦੀ ਪ੍ਰਕਾਸ਼ਨਾ ਦਾ ਦਾਅਵਾ ਵੀ ਕਰ ਦਿੱਤਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਚੋਣ ਕਮਿਸ਼ਨ ਪਹਿਲੀ ਵੋਟਰ ਸੂਚੀ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਹੈ। ਇਸ ਕਰਕੇ ਕਈ ਵੋਟਾਂ ਬਣਨੋਂ ਰਹਿ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਰੁਝੇ ਹੋਣ ਕਾਰਨ ਲੋਕਾਂ ਨੂੰ ਜਾਰੀ ਤਰੀਕਾਂ ਤੇ ਇਤਰਾਜ਼ ਦਰਜ ਕਰਵਾਉਣ ਵਿੱਚ ਭਾਰੀ ਮੁਸ਼ਕਿਲ ਆਵੇਗੀ। ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਦੱਸਿਆ ਹੈ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨ ’ਤੇ 18 ਤੋਂ 25 ਤੱਕ ਇਤਰਾਜ਼ ਦਰਜ ਕਰਵਾਏ ਜਾ ਸਕਣਗੇ। ਇਤਰਾਜ਼ ਦਾ ਨਿਪਟਾਰਾ 3 ਦਸੰਬਰ ਤੱਕ ਕੀਤਾ ਜਾਵੇਗਾ ਅਤੇ 7 ਦਸੰਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ। 20 ਅਤੇ 21 ਨਵੰਬਰ ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ ਤਾਂ ਕਿ ਵੋਟਰ ਜ਼ਰੂਰ ਲਾਭ ਉਠਾ ਸਕਣ। ਨਗਰ ਪੰਚਾਇਤ ਖਨੌਰੀ ਦੇ ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਦੱਸਿਆ ਹੈ ਕਿ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਅਦਾਲਤ ਦੇ ਫ਼ੈਸਲੇ ਮੁਤਾਬਕ ਵਾਰਡ ਬੰਦੀ ਪਹਿਲਾਂ ਵਾਲੀ ਹੀ ਰਹੇਗੀ, ਹੁਣ ਨਵੀਆਂ ਵੋਟਾਂ ਨਗਰ ਪੰਚਾਇਤ ਖਨੌਰੀ ਦੇ 13 ਵਾਰਡਾਂ ਦੀ ਸੂਚੀ ਵਿੱਚ ਦਰਜ ਕੀਤੀਆਂ ਜਾਣਗੀਆਂ।