ਖੇਤਰੀ ਪ੍ਰਤੀਨਿਧ
ਬਟਾਲਾ, 16 ਨਵੰਬਰ
ਬਟਾਲਾ ਦੇ ਇੱਕ ਉੱਘੇ ਸਨਅਤਕਾਰ ਅਭਿਮੰਨਿਊ ਅਗਰਵਾਲ ਦੇ ਘਰੋਂ ਅਗਸਤ ਮਹੀਨੇ ਕਰੀਬ ਤਿੰਨ ਕਿਲੋ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਚੋਰੀ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਬਟਾਲਾ ਪੁਲੀਸ ਨੇ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੀਬ ਡੇਢ ਕਿਲੋ ਸੋਨੇ ਦੇ ਗਹਿਣੇ ਅਤੇ 8 ਲੱਖ ਰੁਪਏ ਦੇ ਕਰੀਬ ਨਕਦੀ ਬਰਾਮਦ ਕਰ ਲਈ ਹੈ ਜਦ ਕਿ ਇਸ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮ ਅਜੇ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਛੇ ਮੁਲਜ਼ਮ ਨਾਮਜ਼ਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਬੱਬੂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਪਰੰਤ ਰਾਜੂ ਵਾਸੀ ਉਮਰਪੁਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਕਿਲੋ ਸੋਨੇ ਦੇ ਗਹਿਣੇ, 7,91000 ਰੁਪਏ ਨਕਦ ਅਤੇ ਚੋਰੀ ਦੇ ਪੈਸਿਆਂ ਨਾਲ ਖਰੀਦੀ ਵਰਨਾ ਕਾਰ ਬਰਾਮਦ ਕਰ ਲਈ। ਡੀਐਸਪੀ ਨੇ ਦੱਸਿਆ ਕਿ ਪੁਲੀਸ ਨੇ ਆਪਣੀ ਜਾਂਚ ਨੂੰ ਜਾਰੀ ਰੱਖਦਿਆਂ 13 ਨਵੰਬਰ ਨੂੰ ਤੀਸਰੇ ਮੁਲਜ਼ਮ ਦੀਪਕ ਵਾਸੀ ਕਰਤਾਰ ਨਗਰ ਛੇਹਰਟਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 492 ਗ੍ਰਾਮ ਸੋਨੇ ਦੇ ਗਹਿਣੇ ਅਤੇ ਅੱਠ ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਪੁਲੀਸ ਚੌਕੀ ਸਿੰਬਲ ਦੇ ਇੰਚਾਰਜ ਐੱਸਆਈ ਅਸ਼ੋਕ ਕੁਮਾਰ ਵੀ ਹਾਜ਼ਰ ਸਨ।