ਪੱਤਰ ਪ੍ਰੇਰਕ
ਜਲੰਧਰ, 16 ਨਵੰਬਰ
ਸਿਟੀ ਪੁਲੀਸ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਦੇ ਰੂਟ ’ਤੇ ਰੁਟੀਨ ਡਿਊਟੀ ਦੌਰਾਨ ਢਾਈ ਸਾਲ ਪੁਰਾਣੇ ਕਾਰ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ। ਇਹ ਸਫਲਤਾ 13 ਨਵੰਬਰ ਨੂੰ ਉਸ ਸਮੇਂ ਮਿਲੀ ਜਦੋਂ 75ਵੀਂ ਬਟਾਲੀਅਨ ਪੀਏਪੀ ਜਲੰਧਰ ਦੇ ਡੀਐੱਸਪੀ ਪ੍ਰਿਤਪਾਲ ਸਿੰਘ ਜੋ ਕਿ ਸੀਐੱਮ ਦੀ ਰੂਟ ਸੁਰੱਖਿਆ ਲਈ ਪੀਏਪੀ ਤੋਂ ਸ੍ਰੀ ਮੁਕਤਸਰ ਜ਼ਿਲ੍ਹੇ ਵਿਚ ਡਿਊਟੀ ਲਈ ਗਏ ਹੋਏ ਸਨ। ਉਨ੍ਹਾਂ ਕੋਟਭਾਈ ਥਾਣੇ ਦੇ ਕੋਲ ਇੱਕ ਸ਼ੱਕੀ ਤੌਰ ’ਤੇ ਚਿੱਟੇ ਰੰਗ ਦੀ ਬਰੇਜ਼ਾ ਖੜੀ ਦੇਖੀ। ਡੀਐੱਸਪੀ ਸਿੰਘ ਦਾ ਧਿਆਨ ਉਸ ਕਾਰ ਦੀ ਨੰਬਰ ਪਲੇਟ ਵੱਲ ਗਿਆ, ਜਿਸ ਵਿੱਚ ਲਾਜ਼ਮੀ ਸੀਰੀਅਲ ਨੰਬਰ ਦੀ ਘਾਟ ਸੀ, ਜਿਸ ਨਾਲ ਇਸ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਪੈਦਾ ਹੋ ਗਿਆ। ਇਸ ਸ਼ੱਕ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਕਾਰ ਦੇ ਰਜਿਸਟ੍ਰੇਸ਼ਨ ਵੇਰਵਿਆਂ ਦੀ ਜਾਂਚ ਕੀਤੀ ਅਤੇ ਰਜਿਸਟਰਡ ਮਾਲਕ, ਲੁਧਿਆਣਾ ਦੇ ਵਕੀਲ ਨਾਲ ਸੰਪਰਕ ਕੀਤਾ। ਵਕੀਲ ਨੇ ਦੱਸਿਆ ਕਿ ਅਸਲ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਕੁਝ ਸਮਾਂ ਪਹਿਲਾਂ ਚੋਰੀ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਨਵਾਂ ਪ੍ਰਾਪਤ ਕਰ ਲਿਆ ਸੀ। ਇਸ ਤੋਂ ਬਾਅਦ ਅਗਲੇਰੀ ਜਾਂਚ ਲਈ ਗੱਡੀ ਨੂੰ ਤੁਰੰਤ ਕੋਟਭਾਈ ਥਾਣੇ ਭੇਜ ਦਿੱਤਾ ਗਿਆ। ਡੀਐੱਸਪੀ ਗਿੱਦੜਬਾਹਾ ਅਵਤਾਰ ਸਿੰਘ ਅਤੇ ਐੱਸਐੱਚਓ ਇੰਸਪੈਕਟਰ ਜਸਵੀਰ ਸਿੰਘ ਦੀਆਂ ਹਦਾਇਤਾਂ ਤਹਿਤ ਕਾਰ ਦੀ ਚੈਸੀ ਅਤੇ ਇੰਜਣ ਨੰਬਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਕਾਰ ਮਾਰਚ 2022 ਵਿੱਚ ਹੁਸ਼ਿਆਰਪੁਰ ਤੋਂ ਚੋਰੀ ਹੋਈ ਸੀ। ਉਸ ਸਮੇਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਆਈਪੀਸੀ ਦੀ ਧਾਰਾ 379 ਤਹਿਤ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ।