ਇੰਫਾਲ, 17 ਨਵੰਬਰ
ਮਨੀਪੁਰ ਦੀ ਇੰਫਾਲ ਘਾਟੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਬੀਤੀ ਦੇਰ ਰਾਤ ਭਾਜਪਾ ਦੇ ਤਿੰਨ ਹੋਰ ਵਿਧਾਇਕਾਂ ਤੇ ਇੱਕ ਕਾਂਗਰਸੀ ਵਿਧਾਇਕ ਦੇ ਘਰਾਂ ਨੂੰ ਅੱਗ ਲਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਜੱਦੀ ਘਰ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਿਰੀਬਾਮ ਜ਼ਿਲ੍ਹੇ ਵਿੱਚ ਮੈਤੇਈ ਭਾਈਚਾਰੇ ਨਾਲ ਸਬੰਧਤ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ, ਜਿਸ ਕਾਰਨ ਪੰਜ ਜ਼ਿਲ੍ਹਿਆਂ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਸੀ। ਅੱਜ ਸਵੇਰੇ ਇੱਥੇ ਸਥਿਤੀ ਸ਼ਾਂਤ ਪਰ ਤਣਾਅਪੂਰਨ ਬਣੀ ਰਹੀ। ਘਾਟੀ ਵਿੱਚ ਕਰਫਿਊ ਦੇ ਨਾਲ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਹਨ। ਇਸ ਦੌਰਾਨ ਕੁਕੀ-ਜ਼ੋ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਸੀਆਰਪੀਐੱਫ ਨਾਲ ਕਥਿਤ ਮੁਕਾਬਲੇ ਵਿੱਚ ਮਾਰੇ ਗਏ 10 ਕੁਕੀ-ਜ਼ੋ ਨੌਜਵਾਨਾਂ ਦਾ ਸਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪੋਸਟਮਾਰਟਮ ਰਿਪੋਰਟ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਸੌਂਪੀ ਜਾਂਦੀ।
ਸ਼ਨਿਚਰਵਾਰ ਨੂੰ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਬਰਾਕ ਨਦੀ ’ਚੋਂ ਦੋ ਔਰਤਾਂ ਅਤੇ ਇਕ ਬੱਚੇ ਜਦਕਿ ਸ਼ੁੱਕਰਵਾਰ ਰਾਤ ਨੂੰ ਇਕ ਔਰਤ ਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਇਨ੍ਹਾਂ ਨੂੰ ਅਗਵਾ ਕਰਨ ਮਗਰੋਂ ਹੱਤਿਆ ਕਰ ਦਿੱਤੀ ਸੀ। ਇਸ ਮਗਰੋਂ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 10 ਅਤਿਵਾਦੀ ਮਾਰੇ ਗਏ ਸਨ। ਮਨੀਪੁਰ ਵਿੱਚ ਕੁਕੀ-ਜ਼ੋ ਭਾਈਚਾਰੇ ਦੀ ਪ੍ਰਮੁੱਖ ਸੰਸਥਾ ਇੰਡਿਜੀਨਸ ਟਰਾਈਬਲ ਲੀਡਰਜ਼ ਫੋਰਮ (ਆਈਟੀਐੱਲਐੱਫ) ਨੇ ਦਾਅਵਾ ਕੀਤਾ ਕਿ ਉਹ ਪਿੰਡ ਦੇ ਵਾਲੰਟੀਅਰ ਸਨ, ਜਦਕਿ ਮਨੀਪੁਰ ਸਰਕਾਰ ਦਾ ਦਾਅਵਾ ਹੈ ਕਿ ਇਹ ਅਤਿਵਾਦੀ ਸਨ। ਇਨ੍ਹਾਂ ਦੇ ਸਸਕਾਰ ਬਾਰੇ ਸੰਸਥਾ ਦੇ ਤਰਜਮਾਨ ਗਿੰਜ਼ਾ ਵੁਆਲਜ਼ੋਂਗ ਨੇ ਕਿਹਾ, ‘ਹਾਲੇ ਪੋਸਟਮਾਰਟਮ ਦੀਆਂ ਰਿਪੋਰਟਾਂ ਨਹੀਂ ਮਿਲੀਆਂ ਹਨ। ਉਨ੍ਹਾਂ ਤੋਂ ਬਿਨਾਂ ਅਸੀਂ ਲਾਸ਼ਾਂ ਛੂਹ ਵੀ ਨਹੀਂ ਸਕਦੇ।’ -ਪੀਟੀਆਈ
ਮਨੀਪੁਰ ਦੇ ਹਾਲਾਤ ਦੀ ਸ਼ਾਹ ਵੱਲੋਂ ਨਜ਼ਰਸਾਨੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ’ਚ ਸੁਰੱਖਿਆ ਹਾਲਾਤ ਦੀ ਨਜ਼ਰਸਾਨੀ ਕਰਦਿਆਂ ਅੱਜ ਸੀਨੀਅਰ ਅਧਿਕਾਰੀਆਂ ਨੂੰ ਉੱਤਰ-ਪੂਰਬੀ ਸੂਬੇ ’ਚ ਸ਼ਾਂਤੀ ਕਾਇਮ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੀ ਹਦਾਇਤ ਕੀਤੀ। ਮਹਾਰਾਸ਼ਟਰ ’ਚ ਆਪਣੀਆਂ ਚੋਣ ਰੈਲੀਆਂ ਰੱਦ ਕਰਕੇ ਸ਼ਾਹ ਦਿੱਲੀ ਪਰਤ ਆਏ ਅਤੇ ਉਨ੍ਹਾਂ ਆਉਂਦੇ ਸਾਰ ਹੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸੂਤਰਾਂ ਨੇ ਕਿਹਾ ਕਿ ਸ਼ਾਹ ਵੱਲੋਂ ਸੋਮਵਾਰ ਨੂੰ ਵੀ ਸੀਨੀਅਰ ਅਧਿਕਾਰੀਆਂ ਨਾਲ ਇਕ ਹੋਰ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ। ਮਨੀਪੁਰ ’ਚ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਮੁੜ ਤੋਂ ਵਿਗੜਨ ਕਾਰਨ ਕੇਂਦਰ ਸਰਕਾਰ ਹਰਕਤ ’ਚ ਆਈ ਹੈ। -ਪੀਟੀਆਈ
ਮਨੀਪੁਰ ਨੂੰ ਸੜਦਾ ਦੇਖਣਾ ਚਾਹੁੰਦੀ ਹੈ ਭਾਜਪਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਚਾਹੁੰਦੀ ਹੈ ਕਿ ਮਨੀਪੁਰ ਸੜਦਾ ਰਹੇ ਕਿਉਂਕਿ ਇਸ ਨਾਲ ਉਸ ਦੀ ‘ਨਫ਼ਰਤ ਅਤੇ ਲੋਕਾਂ ਨੂੰ ਵੰਡਣ ਵਾਲੀ ਸਿਆਸਤ ਦਾ ਮਕਸਦ ਪੂਰਾ ਹੁੰਦਾ ਹੈ।’ ਖੜਗੇ ਨੇ ਕਿਹਾ ਕਿ ਸੂਬੇ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਤਾਂ ਕਦੇ ਮੁਆਫ਼ ਕਰਨਗੇ ਅਤੇ ਨਾ ਹੀ ਭੁੱਲਣਗੇ। ਕਾਂਗਰਸ ਪ੍ਰਧਾਨ ਨੇ ਐਕਸ ’ਤੇ ਕਿਹਾ, ‘ਨਰਿੰਦਰ ਮੋਦੀ ਜੀ, ਡਬਲ ਇੰਜਣ ਦੀਆਂ ਸਰਕਾਰਾਂ ਦੀ ਅਗਵਾਈ ਹੇਠ ਨਾ ਤਾਂ ਮਨੀਪੁਰ ਇੱਕ ਹੈ ਅਤੇ ਨਾ ਹੀ ਸੁਰੱਖਿਅਤ ਹੈ।’ ਇਸੇ ਤਰ੍ਹਾਂ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੂਬੇ ਦਾ ਦੌਰਾ ਕਰਨ ਅਤੇ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਐਕਸ ’ਤੇ ਕਿਹਾ ਕਿ ਹਰ ਭਾਰਤੀ ਨੂੰ ਆਸ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਸਲੇ ਦਾ ਹੱਲ ਲੱਭਣ ਲਈ ਪੁਖਤਾ ਕੋਸ਼ਿਸ਼ਾਂ ਕਰਨਗੀਆਂ। -ਪੀਟੀਆਈ