ਹੈਦਰਾਬਾਦ, 17 ਨਵੰਬਰ
ਪੰਜਾਬੀ ਗਾਇਕ ਦਲਜੀਤ ਦੋਸਾਂਝ ਨੇ ਇਥੇ ਆਪਣੇ ਸੰਗੀਤਕ ਪ੍ਰੋਗਰਾਮ ਦੌਰਾਨ ਤਿਲੰਗਾਨਾ ਸਰਕਾਰ ਨੂੰ ਘੇਰਦਿਆਂ ਉਸ ’ਤੇ ਦੋਹਰੇ ਮਾਪਦੰਡ ਆਪਣਾਉਣ ਦੇ ਦੋਸ਼ ਲਾਏ। ਤਿਲੰਗਾਨਾ ਸਰਕਾਰ ਨੇ ਦਲਜੀਤ ਨੂੰ ਆਪਣੇ ਪ੍ਰੋਗਰਾਮ ਦੌਰਾਨ ਸ਼ਰਾਬ, ਨਸ਼ਿਆਂ ਅਤੇ ਹਿੰਸਾ ਵਾਲੇ ਗੀਤ ਨਾ ਗਾਉਣ ਲਈ ਕਾਨੂੰਨੀ ਨੋਟਿਸ ਭੇਜਿਆ ਸੀ। ਤਿਲੰਗਾਨਾ ਸਰਕਾਰ ਨੇ ਇਹ ਨੋਟਿਸ ਚੰਡੀਗੜ੍ਹ ਦੇ ਇਕ ਵਸਨੀਕ ਦੀ ਸ਼ਿਕਾਇਤ ’ਤੇ ਜਾਰੀ ਕੀਤਾ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਦਲਜੀਤ ਦੋਸਾਂਝ ਨੇ ਦਿੱਲੀ ’ਚ ਹੋਏ ਆਪਣੇ ਪਿਛਲੇ ਪ੍ਰੋਗਰਾਮ ਦੌਰਾਨ ਸ਼ਰਾਬ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤ ਗਾਏ ਸਨ। ਸ਼ਿਕਾਇਤ ’ਚ ‘ਪਟਿਆਲਾ ਪੈੱਗ’ ਅਤੇ ‘ਪੰਜ ਤਾਰਾ’ ਜਿਹੇ ਗੀਤਾਂ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ।
ਜੀਐੱਮਆਰ ਏਰੀਨਾ ਦੀ ਸਟੇਜ ਅਤੇ ਇੰਸਟਾਗ੍ਰਾਮ ’ਤੇ ਦਲਜੀਤ ਦੋਸਾਂਝ ਨੇ ਕਿਹਾ, ‘‘ਕੋਈ ਬਾਹਰ ਤੋਂ ਕਲਾਕਾਰ ਆਏਗਾ, ਉਹ ਜੋ ਮਰਜ਼ੀ ਗਾ ਕੇ ਜਾਏਗਾ, ਜੋ ਮਰਜ਼ੀ ਕਰੇ ਕੋਈ ਟੈਨਸ਼ਨ ਨਹੀਂ ਹੈ। ਪਰ ਅਪਣਾ ਕਲਾਕਾਰ ਘਰ ਆ ਰਿਹਾ ਹੈ, ਉਸ ’ਚ ਤੁਹਾਨੂੰ ਪ੍ਰੇਸ਼ਾਨੀ ਹੈ, ਟੰਗ ਅੜਾਉਣੀ ਹੈ। ਪਰ ਮੈਂ ਵੀ ਇਕ ਗੱਲ ਦੱਸ ਦਿੰਦਾ ਹਾਂ ਕਿ ਏਹ ਦੋਸਾਂਝ ਆਲਾ ਬੁੱਗੇ, ਏਹ ਨੀ ਛੱਡਦਾ।’’ ਦਲਜੀਤ ਨੇ ਆਪਣੇ ਪ੍ਰੋਗਰਾਮ ਦੀਆਂ ਟਿਕਟਾਂ ਬਾਰੇ ਉੱਠਦੀਆਂ ਅਫ਼ਵਾਹਾਂ ਦਾ ਵੀ ਜ਼ਿਕਰ ਕੀਤਾ। ‘ਕਈ ਲੋਕਾਂ ਨੂੰ ਤਾਂ ਹਜ਼ਮ ਨਹੀਂ ਹੋ ਰਿਹਾ ਕਿ ਇੰਨੇ ਵੱਡੇ ਸ਼ੋਅ ਕਿਉਂ ਹੋ ਰਹੇ ਨੇ? ਇਹ ਟਿਕਟਾਂ ਦੋ ਮਿੰਟਾਂ ’ਚ ਵਿਕ ਕਿਵੇਂ ਜਾਂਦੀਆਂ ਨੇ। ਭਰਾਵਾ, ਮੈਂ ਬਹੁਤ ਦੇਰ ਤੋਂ ਕੰਮ ਕਰ ਰਿਹਾ ਹਾਂ। ਮੈਂ ਇਕ ਦਿਨ ’ਚ ਨਾਮ ਨਹੀਂ ਕਮਾਇਆ ਹੈ।’ ਉਂਜ ਪ੍ਰੋਗਰਾਮ ਦੌਰਾਨ ਦਲਜੀਤ ਦੋਸਾਂਝ ਨੇ ਆਪਣੇ ਕੁਝ ਗੀਤਾਂ ਦੇ ਬੋਲ ਬਦਲ ਦਿੱਤੇ। ਮਿਸਾਲ ਵਜੋਂ ਉਸ ਨੇ ਆਪਣੇ ਗੀਤ ‘ਤੈਨੂੰ ਤੇਰੀ ਦਾਰੂ ’ਚ ਪਸੰਦ ਆ ਲੈਮੋਨੇਡ’ ਨੂੰ ਬਦਲ ਕੇ ‘ਤੈਨੂੰ ਤੇਰੀ ਕੋਕ ’ਚ ਪਸੰਦ ਆ ਲੈਮੋਨੇਡ’ ਕਰ ਦਿੱਤਾ। ਇਸੇ ਤਰ੍ਹਾਂ ‘ਪੰਜ ਤਾਰਾ’ ਗੀਤ ਦੇ ਬੋਲ ‘ਪੰਜ ਤਾਰਾ ਠੇਕੇ ਉੱਤੇ’ ਦੇ ਬੋਲ ਉਸ ਨੇ ‘ਪੰਜ ਤਾਰਾ ਹੋਟਲ ’ਚ’ ਕਰ ਦਿੱਤਾ। ਇਸ ਦੌਰਾਨ ਦਲਜੀਤ ਨੇ ਸਾਈਬਰ ਕ੍ਰਾਈਮ ਦਾ ਮੁੱਦਾ ਵੀ ਛੋਹਿਆ ਅਤੇ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਆਖਦਿਆਂ ਤਿਲੰਗਾਨਾ ਦੇ ਹੈਲਪਲਾਈਨ ਨੰਬਰ 1930 ਬਾਰੇ ਜਾਗਰੂਕ ਕੀਤਾ। -ਏਐੱਨਆਈ