ਕੁਲਦੀਪ ਸਿੰਘ
ਚੰਡੀਗੜ੍ਹ, 17 ਨਵੰਬਰ
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਇੱਥੇ ਕੇਂਦਰੀ ਸਿੰਘ ਸਭਾ ਸੈਕਟਰ- 28 ਵਿੱਚ ਆਵਾਮੀ ਏਕਤਾ ਮੰਚ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਨਆਈਏ ਦੀ ਛਾਪੇਮਾਰੀ ਅਤੇ ਯੂਏਪੀਏ ਕਾਨੂੰਨ ਵਿਰੁੱਧ ਕਨਵੈਨਸ਼ਨ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕੇਂਦਰੀ ਏਜੰਸੀ ਐੱਨਆਈਏ ਵੱਲੋਂ ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਵਿੱਚ ਇੱਕੋ ਸਮੇਂ ਛਾਪੇ ਮਾਰੇ ਗਏ। ਇਸ ਦੌਰਾਨ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਤੋਂ ਐਡਵੋਕੇਟ ਅਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਹੁਣ ਲਖਨਊ ਜੇਲ੍ਹ ਵਿੱਚ ਬੰਦ ਹਨ। ਇਸੇ ਤਰ੍ਹਾਂ ਹੋਰ ਵਕੀਲਾਂ, ਕਿਸਾਨ, ਵਿਦਿਆਰਥੀ, ਮਜ਼ਦੂਰ ਕਾਰਕੁਨਾਂ, ਜਮਹੂਰੀ ਕਾਰਕੁਨਾਂ ਅਤੇ ਬੁੱਧੀਜੀਵੀਆਂ ’ਤੇ ਛਾਪੇ ਮਾਰ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਨਵੈਨਸ਼ਨ ਦੇ ਬੁਲਾਰੇ ਐਡਵੋਕੇਟ ਆਰਤੀ (ਐਡਵੋਕੇਟ ਅਜੇ ਦੇ ਜੀਵਨ ਸਾਥੀ) ਨੇ ਦੱਸਿਆ ਕਿ ਸਾਲ 2019 ਵਿੱਚ ਸੋਧ ਕਰ ਕੇ ਐੱਨਆਈਏ ਨੂੰ ਕੇਂਦਰੀ ਪੁਲੀਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਨੂੰ ਕਿਸੇ ਸੂਬਾ ਸਰਕਾਰ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਐੱਨਆਈਏ ਅਤੇ ਯੂਏਪੀਏ ਵਿੱਚ ਕੀਤੀਆਂ ਸੋਧਾਂ ਨੇ ਸਰਕਾਰ ਦੇ ਵਿਰੋਧੀਆਂ ਨੂੰ ਸਾਲਾਂਬੱਧੀ ਜੇਲ੍ਹਾਂ ਵਿੱਚ ਸੁੱਟਣ ਦੀਆਂ ਤਾਕਤਾਂ ਦੇ ਦਿੱਤੀਆਂ ਹਨ। ਜਮਹੂਰੀ ਅਧਿਕਾਰ ਸਭਾ ਦੀ ਚੰਡੀਗੜ੍ਹ-ਮੁਹਾਲੀ ਇਕਾਈ ਦੇ ਸਕੱਤਰ ਮਨਪ੍ਰੀਤ ਜੱਸ ਨੇ ਕਿਹਾ ਕਿ ਪੰਜਾਬ ਦੀ ਜਮਹੂਰੀ ਲਹਿਰ ਹੁਣ ਤੱਕ ਭਾਰਤੀ ਹਾਕਮਾਂ ਲਈ ਇੱਕ ਚੁਣੌਤੀ ਬਣੀ ਰਹੀ ਹੈ। ਇਸ ਹਮਲੇ ਨੂੰ ਸਮੇਂ ਸਿਰ ਰੋਕਣ ਲਈ ਜਨਤਕ ਜਮਹੂਰੀ ਲਾਮਬੰਦੀ ਕਰਨ ਦੀ ਲੋੜ ਹੈ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੰਡੀਗੜ੍ਹ ਤੋਂ ਤਰਕਸ਼ੀਲ ਸੁਸਾਇਟੀ ਪੰਜਾਬ, ਹਰਿਆਣਾ ਤੋਂ ਆਵਾਮੀ ਏਕਤਾ ਮੰਚ, ਬੀਕੇਯੂ (ਡਕੌਂਦਾ), ਬੀਕੇਯੂ (ਕ੍ਰਾਂਤੀਕਾਰੀ), ਐੱਸਐੱਫਐੱਸ, ਪੀਐੱਸਯੂ (ਲਲਕਾਰ), ਸਾਹਿਤ ਚਿੰਤਨ, ਪ੍ਰਗਤੀਸ਼ੀਲ ਲੇਖਕ ਸੰਘ, ਵਰਗ ਚੇਤਨਾ ਮੰਚ, ਆਇਆ, ਦਿਸ਼ਾ, ਪੰਜਾਬਨਾਮਾ ਤੇ ਨੌਜਵਾਨ ਭਾਰਤ ਸਭਾ ਆਦਿ ਕਨਵੈਨਸ਼ਨ ਵਿੱਚ ਸਹਿਯੋਗੀ ਜਥੇਬੰਦੀਆਂ ਸਨ।
ਹਾਕਮਾਂ ਨੂੰ ਵਿਰੋਧੀ ਵਿਚਾਰ ਰੱਖਣ ਵਾਲਿਆਂ ਦਾ ਖੌਫ਼: ਬੈਂਸ
ਐਡਵੋਕੇਟ ਇਹਤੇਮਾਮ-ਉਲ-ਹੱਕ ਨੇ ਕਿਹਾ ਕਿ ਭੀਮਾ ਕੋਰੇਗਾਓਂ ਦੀ ਤਰਜ਼ ’ਤੇ ਕਹਾਣੀ ਘੜ ਕੇ ਝੂਠੇ ਪਰਚੇ ਦੇ ਆਧਾਰ ’ਤੇ ਗ੍ਰਿਫ਼ਤਾਰੀਆਂ ਪਿੱਛੇ ਸਿਆਸੀ ਮਕਸਦ ਹਨ। ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅੱਜ ਹਾਕਮਾਂ ਨੂੰ ਸਭ ਤੋਂ ਵੱਧ ਡਰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਵਿਰੋਧੀ ਵਿਚਾਰ ਰੱਖਣ ਅਤੇ ਬੋਲਣ ਵਾਲੇ ਨਾਗਰਿਕਾਂ ਤੋਂ ਲੱਗ ਰਿਹਾ ਹੈ।