ਸੁਭਾਸ਼ ਚੰਦਰ
ਸਮਾਣਾ, 17 ਨਵੰਬਰ
ਬੇਅਦਬੀ ਦੀਆਂ ਵਾਰ-ਵਾਰ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੱਗੇ ਮੋਰਚੇ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਆਉਂਦੇ 23 ਨਵੰਬਰ ਨੂੰ ਸਮਾਣਾ ਬੰਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਾਨੂੰਨ ਵਿੱਚ ਸੋਧ ਦੀ ਮੰਗ ਨੂੰ ਲੈ ਕੇ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ ’ਤੇ ਭਾਈ ਗੁਰਜੀਤ ਸਿੰਘ ਚੜ੍ਹੇ ਹੋਏ ਹਨ ਅਤੇ ਉਨ੍ਹਾਂ ਦਾ ਅੱਜ ਟਾਵਰ ’ਤੇ 37ਵਾਂ ਦਿਨ ਸੀ। ਉਨ੍ਹਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਮੰਗ ਮੰਨੇ ਜਾਣ ਤੱਕ ਉਹ ਟਾਵਰ ’ਤੇ ਹੀ ਰਹਿਣਗੇ। ਟਾਵਰ ਦੇ ਨੇੜੇ ਪਾਰਕ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੱਡਾ ਇੱਕਠ ਕੀਤਾ। ਇਸ ਇੱਕਠ ਵਿਚ ਸੁਖਚੈਨ ਸਿੰਘ ਫੌਜੀ, ਬਾਬਾ ਖੜਕ ਸਿੰਘ, ਗੁਲਾਬ ਸਿੰਘ ਗੁਰਪ੍ਰੀਤ ਕੌਰ ਬਾਰਸ, ਹਰਵਿੰਦਰ ਸਿੰਘ ਸੂਲਰਘਰਾਟ, ਮੋਹਨ ਸਿੰਘ, ਬਾਬਾ ਬਲਵਿੰਦਰ ਸਿੰਘ ਖ਼ਾਲਸਾ ਏਕ ਨੂਰ, ਵਾਰਸ ਪੰਜਾਬ ਜੱਥੇਬੰਦੀ ਦੇ ਆਗੂ ਬਾਬਾ ਗੋਰਾ ਸਿੰਘ, ਗਿਆਨੀ ਅਸਾਦ ਸਿੰਘ, ਬਾਬਾ ਦਲਜੀਤ ਸਿੰਘ ਕਾਰ ਸੇਵਾ ਵਾਲੇ, ਸਰਪੰਚ ਗੁਰਮੀਤ ਸਿੰਘ, ਬਾਬਾ ਗੁਰਜੀਤ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਘੱਗੇ ਵਾਲੇ ਆਦਿ ਧਾਰਮਿਕ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਭਾਈ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ, ਭਾਈ ਸਰੂਪ ਸਿੰਘ ਸੰਧਾ, ਭਾਈ ਤਲਵਿੰਦਰ ਸਿੰਘ ਔਲਖ, ਭਾਈ ਬਗੀਚਾ ਸਿੰਘ ਵੜੈਚ ਸਣੇ ਵੱਖ-ਵੱਖ ਆਗੂਆਂ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਸੱਤਾ ਵਿੱਚ ਬੈਠੇ ਆਗੂ ਲੋਕਾਂ ਦੀਆਂ ਧਾਰਮਿਕ ਭਵਨਾਵਾਂ ਭੜਕਾ ਕੇ ਵੋਟਾਂ ਲੈਣੀਆਂ ਤਾਂ ਜਾਣਦੇ ਹਨ ਪਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਸੁਰੱਖਿਆ ਕਰਨ ਤੋਂ ਇਨਕਾਰੀ ਹਨ। ਉਨ੍ਹਾਂ ਆਖਿਆ ਕਿ ਸੂਬਾ ਅਤੇ ਕੇਂਦਰ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਗੰਭੀਰ ਨਹੀਂ ਹਨ। ਕਾਨੂੰਨ ਢਿੱਲਾ ਹੋਣ ਕਾਰਨ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਬੇਅਦਬੀ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਭਾਈ ਗੁਰਜੀਤ ਸਿੰਘ ਨੂੰ ਟਾਵਰ ’ਤੇ ਚੜ੍ਹੇ ਹੋਏ ਨੂੰ 37 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਸੰਘਰਸ਼ ਤੇਜ ਕਰਨ ਦੀ ਚੇਤਾਵਨੀ ਦਿੱਤੀ ਹੈ।