ਪੰਜਾਬੀ ਟ੍ਰਿਬਿਊਨ ਵੈੱਬ ਡੈਸਕ/ਪੀਟੀਆਈ
ਚੰਡੀਗੜ੍ਹ/ਮੁੰਬਈ, 18 ਨਵੰਬਰ
ਬੌਲੀਵੁਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਨਵੀਂ ਦਿੱਲੀ ਤੇ ਮੁੰਬਈ ਪੁਲੀਸ ਨੇ ਇਸ ਗ੍ਰਿਫ਼ਤਾਰੀ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਪਰ ਖਬਰ ਏਜੰਸੀ ਏਐਨਆਈ ਨੇ ਮੁੰਬਈ ਪੁਲੀਸ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਅਨਮੋਲ ਨੂੰ ਕੈਲੀਫੋਰਨੀਆਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਨੇ ਅਨਮੋਲ ਖ਼ਿਲਾਫ਼ ਦੋ ਹਫਤੇ ਪਹਿਲਾਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਇਸ ਤੋਂ ਪਹਿਲਾਂ ਮੁੰਬਈ ਪੁਲੀਸ ਨੇ ਅਨਮੋਲ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਲਈ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਮੁੰਬਈ ਪੁਲੀਸ ਅਨੁਸਾਰ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਦਾਲਤ ਨੇ ਪਹਿਲਾਂ ਹੀ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ ਅਤੇ ਨਾਲ ਹੀ ਉਸ ਦੀ ਵਿਦੇਸ਼ ਵਿਚ ਭਾਲ ਕਰਨ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ।ਇਹ ਪਤਾ ਲੱਗਿਆ ਹੈ ਕਿ ਅਨਮੋਲ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਅਮਰੀਕਾ ਆਉਂਦਾ ਜਾਂਦਾ ਰਹਿੰਦਾ ਸੀ। ਉਹ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ। ਅਨਮੋਲ ਬਿਸ਼ਨੋਈ ਮੁੰਬਈ ਦੇ ਬਾਂਦਰਾ ਇਲਾਕੇ ’ਚ 12 ਅਕਤੂਬਰ ਨੂੰ ਐਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਸਣੇ ਹੋਰ ਕਈ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਹੈ। ਸੂਤਰਾਂ ਮੁਤਾਬਕ ਇਸ ਸਾਲ 14 ਅਪਰੈਲ ਨੂੰ ਬਾਂਦਰਾ ’ਚ ਸਥਿਤ ਬੌਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਪਿੱਛੇ ਵੀ ਉਸ ਦਾ ਹੱਥ ਸੀ। ਪੀਟੀਆਈ