ਨਵੀਂ ਦਿੱਲੀ, 18 ਨਵੰਬਰ
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਸ਼ਾਮ ਕਿਹਾ ਹੈ ਕਿ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਵਧਣ ਕਾਰਨ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਵੀ 19 ਨਵੰਬਰ ਤੋਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ। ਹੁਣ ਦਿੱਲੀ ਵਿੱਚ ਸਾਰੀਆਂ ਜਮਾਤਾਂ ਦੀ ਪੜ੍ਹਾਈ ਆਨਲਾਈਨ ਹੀ ਹੋਵੇਗੀ। ਇਹ ਜਾਣਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਐਕਸ ’ਤੇ ਪੋਸਟ ਨਸ਼ਰ ਕਰ ਕੇ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਵਿੱਚ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗਰੈਪ ) ਤਹਿਤ ਪਾਬੰਦੀਆਂ ਲਾਈਆਂ ਸਨ। ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਿੱਲੀ ਮਿਉਂਸਪਲ ਕਾਰਪੋਰੇਸ਼ਨ (ਐਮਸੀਡੀ) ਦੇ ਅਧੀਨ ਦਫ਼ਤਰ ਸਵੇਰੇ 8:30 ਵਜੇ ਤੋਂ ਸ਼ਾਮ 5:00 ਵਜੇ ਤੱਕ ਅਤੇ ਦਿੱਲੀ ਸਰਕਾਰ ਦੇ ਐਨਸੀਟੀ (ਜੀਐਨਸੀਟੀਡੀ) ਅਧੀਨ ਦਫ਼ਤਰ ਸਵੇਰੇ 10:00 ਵਜੇ ਤੋਂ ਸ਼ਾਮ 6:30 ਵਜੇ ਤੱਕ ਲੱਗਣਗੇ।