* ਸਮੂਹਿਕ ਅਸਤੀਫ਼ੇ ਦੇਣ ਦੀ ਚਿਤਾਵਨੀ
* ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨਾਲ ਰਾਇ ਕਰਾਂਗੇ: ਭੂੰਦੜ
ਚਰਨਜੀਤ ਭੁੱਲਰ
ਚੰਡੀਗੜ੍ਹ, 18 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਬਾਰੇ ਫ਼ੈਸਲਾ ਟਾਲ ਦਿੱਤਾ ਹੈ। ਸੁਖਬੀਰ ਨੇ ਲੰਮੇ ਅਰਸੇ ਦੀ ਜੱਕੋ-ਤੱਕੀ ਮਗਰੋਂ 16 ਨਵੰਬਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ’ਤੇ ਵਿਚਾਰ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਅੱਜ ਇੱਥੇ ਮੀਟਿੰਗ ਕੀਤੀ। ਵਰਕਿੰਗ ਕਮੇਟੀ ਨੇ ਵਿਚਾਰ-ਚਰਚਾ ਮਗਰੋਂ ਸੁਖਬੀਰ ਬਾਦਲ ਦੇ ਅਸਤੀਫ਼ੇ ਬਾਰੇ ਫ਼ੈਸਲਾ ਰਾਖਵਾਂ ਰੱਖਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਮਗਰੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਸੁਖਬੀਰ ਦੇ ਅਸਤੀਫ਼ੇ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਯੂਥ ਅਕਾਲੀ ਦਲ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਤੋਂ ਰਾਇ ਲੈਣ ਦਾ ਫ਼ੈਸਲਾ ਕੀਤਾ ਹੈ। ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਵਰਕਿੰਗ ਕਮੇਟੀ ਨੇ ਕਿਹਾ ਕਿ ਜੇ ਸੁਖਬੀਰ ਨੇ ਅਸਤੀਫ਼ਾ ਵਾਪਸ ਨਾ ਲਿਆ ਤਾਂ ਕਮੇਟੀ ਦੇ ਸਾਰੇ ਮੈਂਬਰ ਵੀ ਸਮੂਹਿਕ ਤੌਰ ’ਤੇ ਅਸਤੀਫ਼ਾ ਦੇ ਦੇਣਗੇ। ਵਰਕਿੰਗ ਕਮੇਟੀ ਨੇ ਸੁਖਬੀਰ ਦੀ ਪ੍ਰਧਾਨਗੀ ’ਚ ਭਰੋਸਾ ਪ੍ਰਗਟ ਕੀਤਾ। ਮੀਟਿੰਗ ਵਿਚ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਕਿਹਾ ਅਕਾਲੀ ਦਲ ਖ਼ਿਲਾਫ਼ ਰਚੀ ਗਈ ਸਾਜ਼ਿਸ਼ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿਆਂਗੇ। ਪਾਰਟੀ ਨੂੰ ਸੁਖਬੀਰ ਦੀਆਂ ਸੇਵਾਵਾਂ ਦੀ ਵੱਡੀ ਜ਼ਰੂਰਤ ਹੈ। ਪਿਛਾਂਹ ਦੇ ਹਾਲਾਤ ’ਤੇ ਨਜ਼ਰ ਮਾਰੀਏ ਤਾਂ 2022 ਦੀਆਂ ਚੋਣਾਂ ਵਿਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਮਗਰੋਂ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ ਸਨ ਅਤੇ ਆਖ਼ਰ ਪਾਰਟੀ ਦੁਫਾੜ ਹੋ ਗਈ। ਮਗਰੋਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਲਗਾ ਦਿੱਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 30 ਅਗਸਤ ਨੂੰ ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਸੀ। ਮਗਰੋਂ ਪਾਰਟੀ ਨੇ 24 ਅਕਤੂਬਰ ਨੂੰ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਅਤੇ 13 ਨਵੰਬਰ ਨੂੰ ਸੁਖਬੀਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਜਲਦੀ ਫ਼ੈਸਲਾ ਲੈਣ ਦੀ ਅਪੀਲ ਕਰਕੇ 16 ਨਵੰਬਰ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਦੀਆਂ ਨਵੀਆਂ ਚੋਣਾਂ ਦਸੰਬਰ ਮਹੀਨੇ ਵਿਚ ਹੋਣੀਆਂ ਹਨ। ਸੁਖਬੀਰ ਨੇ 2008 ’ਚ ਪਾਰਟੀ ਦੀ ਪ੍ਰਧਾਨਗੀ ਸੰਭਾਲੀ ਸੀ।
ਯੂਟੀ ਦੇ ਪ੍ਰਸ਼ਾਸਕ ਨੂੰ ਸਪੱਸ਼ਟ ਸਟੈਂਡ ਲੈਣ ਦੀ ਅਪੀਲ
ਵਰਕਿੰਗ ਕਮੇਟੀ ਨੇ ਕਿਹਾ ਕਿ ‘ਆਪ’ ਸਰਕਾਰ ਅਤੇ ਕੇਂਦਰ ਸਰਕਾਰ ਰਲ ਕੇ ਚੰਡੀਗੜ੍ਹ ’ਤੇ ਪੰਜਾਬ ਦਾ ਅਧਿਕਾਰ ਖੋਹਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਯੂਟੀ ਦੇ ਪ੍ਰਸ਼ਾਸਕ ਨੂੰ ਸਪੱਸ਼ਟ ਕਹਿਣਾ ਚਾਹੀਦਾ ਹੈ ਕਿ ਉਹ ਜ਼ਮੀਨ ਅਲਾਟ ਨਹੀਂ ਕਰਨਗੇ ਤੇ ਉਨ੍ਹਾਂ ਨੂੰ ਟਾਲ ਮਟੋਲ ਵਾਲੇ ਜਵਾਬ ਨਹੀਂ ਦੇਣੇ ਚਾਹੀਦੇ। ਕਮੇਟੀ ਨੇ ‘ਆਪ’ ਸਰਕਾਰ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਵਾਸਤੇ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ ਜਾਰੀ ਨਾ ਕਰਨ ਦੀ ਨਿਖੇਧੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੀ ਤਜਵੀਜ਼ ਦਾ ਵੀ ਵਿਰੋਧ ਕੀਤਾ।
ਪੰਥਕ ਹਲਕੇ ਨਵੇਂ ਮੋੜ ਤੋਂ ਹੈਰਾਨ
ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਮਗਰੋਂ ਸ਼ੁਰੂ ਹੋਏ ਘਟਨਾਕ੍ਰਮ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾਂ ਸੁਖਬੀਰ ਵੱਲੋਂ ਅਚਨਚੇਤ ਦਿੱਤੇ ਅਸਤੀਫ਼ੇ ਨੂੰ ਲੈ ਕੇ ਪੰਥਕ ਹਲਕਿਆਂ ’ਚ ਹੈਰਾਨੀ ਪਾਈ ਜਾ ਰਹੀ ਸੀ ਅਤੇ ਇਸ ਪੇਸ਼ਕਸ਼ ਦੀ ਸ਼ਲਾਘਾ ਕੀਤੀ ਜਾ ਰਹੀ ਸੀ। ਅੱਜ ਵਰਕਿੰਗ ਕਮੇਟੀ ਵੱਲੋਂ ਬਾਦਲ ਦੀ ਹਮਾਇਤ ’ਚ ਲਏ ਸਟੈਂਡ ਮਗਰੋਂ ਚੇਤੰਨ ਪੰਥਕ ਧਿਰਾਂ ’ਚ ਚਰਚੇ ਛਿੜੇ ਹਨ ਕਿ ਇਹ ਅੰਦਰੂਨੀ ਤੌਰ ’ਤੇ ਦੋਸਤਾਨਾ ਤਰੀਕੇ ਨਾਲ ਪਟਕਥਾ ਲਿਖੀ ਗਈ ਸੀ।