* ਭੁੱਖ ਅਤੇ ਗ਼ਰੀਬੀ ਖ਼ਿਲਾਫ਼ ਆਲਮੀ ਗੱਠਜੋੜ ਵਾਸਤੇ ਬ੍ਰਾਜ਼ੀਲ ਦੀ ਪਹਿਲ ਦਾ ਕੀਤਾ ਸਮਰਥਨ
ਰੀਓ ਡੀ ਜਨੈਰੀਓ, 18 ਨਵੰਬਰ
ਇੱਥੇ ਜੀ20 ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ ਹੋਏ ਜੀ20 ਸੰਮੇਲਨ ਦੌਰਾਨ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਏ ਗਏ ਫੈਸਲਿਆਂ ਨੂੰ ਬ੍ਰਾਜ਼ੀਲ ਦੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ‘ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਪਿਛਲੇ ਵਰ੍ਹੇ ਵਾਂਗ ਇਸ ਸੰਮੇਲਨ ਵਿੱਚ ਵੀ ਓਨੀ ਹੀ ਅਹਿਮੀਅਤ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਭੁੱਖ ਅਤੇ ਗ਼ਰੀਬੀ ਖ਼ਿਲਾਫ਼ ਆਲਮੀ ਗੱਠਜੋੜ ਵਾਸਤੇ ਬ੍ਰਾਜ਼ੀਲ ਦੀ ਪਹਿਲ ਦਾ ਸਮਰਥਨ ਕਰਦੇ ਹਾਂ। ਆਲਮੀ ਪੱਧਰ ’ਤੇ ਸੰਘਰਸ਼ਾਂ ਕਾਰਨ ਪੈਦਾ ਹੋਏ ਅਨਾਜ, ਈਂਧਣ ਅਤੇ ਖਾਦਾਂ ਦੇ ਸੰਕਟ ਨਾਲ ‘ਗਲੋਬਲ ਸਾਊਥ’ ਦੇ ਦੇਸ਼ਾਂ ’ਤੇ ਸਭ ਤੋਂ ਵੱਧ ਮਾੜਾ ਪ੍ਰਭਾਵ ਪਿਆ ਹੈ।’’ ਉਨ੍ਹਾਂ ਕਿਹਾ, ‘‘ਸਾਡੀਆਂ ਚਰਚਾ ਤਾਂ ਹੀ ਸਫ਼ਲ ਹੋ ਸਕਦੀਆਂ ਹਨ ਜਦੋਂ ਅਸੀਂ ‘ਗਲੋਬਲ ਸਾਊਥ’ ਦੀਆਂ ਚੁਣੌਤੀਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਾਂਗੇ। ਜਿਸ ਤਰ੍ਹਾਂ ਅਸੀਂ ਅਫ਼ਰੀਕੀ ਸੰਘ ਨੂੰ ਜੀ20 ਦੀ ਮੈਂਬਰਸ਼ਿਪ ਦੇ ਕੇ ‘ਗਲੋਬਲ ਸਾਊਥ’ ਦੀ ਆਵਾਜ਼ ਨੂੰ ਮਜ਼ਬੂਤ ਕੀਤਾ, ਉਸੇ ਤਰ੍ਹਾਂ ਅਸੀਂ ਆਲਮੀ ਸ਼ਾਸਨ ਦੀਆਂ ਸੰਸਥਾਵਾਂ ਵਿੱਚ ਸੁਧਾਰ ਕਰਾਂਗੇ।’’ ਮੋਦੀ ਨੇ ਕਿਹਾ, ‘‘ਇਹ ਬਹੁਤ ਹੀ ਤਸੱਲੀਬਖ਼ਸ਼ ਹੈ ਕਿ ਅਸੀਂ ਸਥਿਰ ਵਿਕਾਸ ਦੇ ਟੀਚਿਆਂ ਨੂੰ ਪਹਿਲੀ ਦਿੱਤੀ ਹੈ। ਅਸੀਂ ਸਮਾਵੇਸ਼ੀ ਵਿਕਾਸ, ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਤੇ ਨੌਜਵਾਨ ਸ਼ਕਤੀ ’ਤੇ ਧਿਆਨ ਕੇਂਦਰਿਤ ਕੀਤਾ ਅਤੇ ‘ਗਲੋਬਲ ਸਾਊਥ’ ਦੀਆਂ ਆਸਾਂ ਤੇ ਇੱਛਾਵਾਂ ਨੂੰ ਖੰਭ ਦਿੱਤੇ।’’