ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਆਖਰੀ ਦਿਨ ਪੁਲੀਸ ਵੱਲੋਂ ਗਿੱਦੜਬਾਹਾ ਮੰਡੀ ਅਤੇ ਲਾਗਲੇ ਪਿੰਡਾਂ ’ਚ ਫਲੈਗ ਮਾਰਚ ਕਰਕੇ ਜਿੱਥੇ ਸ਼ੱਕੀਆਂ ਦੀ ਤਲਾਸ਼ੀ ਲਈ, ਉੱਥੇ ਆਮ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਵੋਟ ਦੀ ਬਿਨਾਂ ਕਿਸੇ ਡਰ ਭੈਅ ਦੇ ਵਰਤੋਂ ਕਰਨ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਕੱਢੇ ਗਏ ਇਸ ਮਾਰਚ ਦੌਰਾਨ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਇਸ ਫਲੈਗ ਮਾਰਚ ਵਿੱਚ ਡੀਐੱਸਪੀ ਗਿਦੜਬਾਹਾ ਅਵਤਾਰ ਸਿੰਘ ਦੇ ਨਾਲ ਪੁਲੀਸ ਅਧਿਕਾਰੀ, ਕਰਮਚਾਰੀ, ਸੀਆਰਪੀਐਫ, ਆਈਆਰਬੀ ਅਤੇ ਬੀਐਸਐਫ ਦੀਆਂ ਟੁਕੜੀਆਂ ਮੌਜੂਦ ਸਨ। ਇਸ ਦੌਰਾਨ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਤੇ ਪੈਲੇਸਾਂ ਦੀ ਵੀ ਤਲਾਸ਼ੀ ਲਈ ਗਈ।
ਜ਼ਿਮਨੀ ਚੋਣ ਲਈ ਪ੍ਰਬੰਧ ਮੁਕੰਮਲ
ਸ੍ਰੀ ਮੁਕਤਸਰ ਸਾਹਿਬ: ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ 20 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਹਨ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਬਲਾਕ ਗਿੱਦੜਬਾਹਾ ਵਿੱਚ ਕੁੱਲ 1 ਲੱਖ 66 ਹਜ਼ਾਰ 731 ਵੋਟਰ ਹਨ ਜਿਨ੍ਹਾਂ ’ਚੋਂ 86 ਹਜ਼ਾਰ 835 ਪੁਰਸ਼, 69 ਹਜ਼ਾਰ 885 ਮਹਿਲਾ ਅਤੇ 11 ਥਰਡ ਜ਼ੈਂਡਰ ਹਨ। ਕੁੱਲ 173 ਬੂਥ ਹਨ ਜਿਨ੍ਹਾਂ ਵਿੱਚੋਂ 34 ਵਲਨਰੇਬਲ ਬੂਥ, 96 ਕ੍ਰਿਟੀਕਲ ਪੋਲਿੰਗ ਸਟੇਸ਼ਨ, 53 ਕ੍ਰਿਟੀਕਲ ਪੋਲਿੰਗ ਸਟੇਸ਼ਨ ਲੋਕੇਸ਼ਨ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ 173 ਬੂਥਾਂ ’ਤੇ ਵੈੱਬਕਾਸਟਿੰਗ ਕੀਤੀ ਜਾਵੇਗੀ ਜਦੋਂਕਿ 107 ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। -ਨਿੱਜੀ ਪੱਤਰ ਪ੍ਰੇਰਕ