* ਅਮਰੀਕਾ ਨੇ ਯੂਕਰੇਨ ਨੂੰ ਪੱਛਮੀ ਹਥਿਆਰਾਂ ਦੀ ਰੂਸ ਖ਼ਿਲਾਫ਼ ਵਰਤੋਂ ਦੀ ਇਜਾਜ਼ਤ ਦਿੱਤੀ
ਕੀਵ, 18 ਨਵੰਬਰ
ਰੂਸ ਵੱਲੋਂ ਉੱਤਰੀ ਯੂਕਰੇਨ ਦੇ ਸ਼ਹਿਰ ’ਚ ਇੱਕ ਰਿਹਾਇਸ਼ੀ ਇਮਾਰਤ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਕੀਤੇ ਗਏ ਹਮਲੇ ’ਚ ਦੋ ਬੱਚਿਆਂ ਸਣੇ 11 ਜਣਿਆਂ ਦੀ ਮੌਤ ਹੋ ਗਈ ਅਤੇ 84 ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸੂਮੀ ਸ਼ਹਿਰ ’ਤੇ ਬੀਤੇ ਦਿਨ ਹੋਏ ਹਮਲੇ ’ਚ ਮਾਰੇ ਗਏ ਦੋ ਬੱਚਿਆਂ ਦੀ ਉਮਰ 9 ਤੇ 14 ਸਾਲ ਸੀ। ਛੇ ਜ਼ਖ਼ਮੀ ਬੱਚਿਆਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ’ਚ ਦੋ ਸਿੱਖਿਆ ਸੰਸਥਾਵਾਂ ਸਮੇਤ 15 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਘਟਨਾ ਸਥਾਨ ’ਤੇ ਬਚਾਅ ਤੇ ਤਲਾਸ਼ੀ ਮੁਹਿੰਮ ਅੱਜ ਵੀ ਜਾਰੀ ਰਹੀ। ਸੂਮੀ ਸ਼ਹਿਰ ਰੂਸੀ ਸਰਹੱਦ ਤੋਂ ਤਕਰੀਬਨ 40 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਬੀਤੇ ਦਿਨ ਯੂਕਰੇਨੀ ਅਧਿਕਾਰੀਆਂ ਦੀ ਵੱਡੇ ਪੱਧਰ ’ਤੇ ਪੈਰਵੀ ਮਗਰੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪਹਿਲੀ ਵਾਰ ਰੂਸ ਅੰਦਰ ਹਮਲਾ ਕਰਨ ਲਈ ਯੂਕਰੇਨ ਨੂੰ ਅਮਰੀਕਾ ਵੱਲੋਂ ਸਪਲਾਈ ਕੀਤੀ ਗਈ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਲਈ ਅਧਿਕਾਰਤ ਕੀਤਾ ਹੈ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕੁਰਸਕ ਖੇਤਰ ’ਚ ਰੂਸ ਦੀ ਹਮਾਇਤ ਕਰਨ ਲਈ ਹਜ਼ਾਰਾਂ ਸੈਨਿਕ ਭੇਜਣ ਸਬੰਧੀ ਉੱਤਰੀ ਕੋਰੀਆ ਦੇ ਫ਼ੈਸਲੇ ਦੇ ਜਵਾਬ ’ਚ ਕੀਤੇ ਜਾਣ ਦੀ ਸੰਭਾਵਨਾ ਹੈ ਜਿੱਥੇ ਯੂਕਰੇਨ ਨੇ ਗਰਮੀਆਂ ਵਿੱਚ ਫੌਜੀ ਘੁਸਪੈਠ ਕੀਤੀ ਸੀ। ਮਈ ’ਚ ਯੂਕਰੇਨ ਦੇ ਖਾਰਕੀਵ ਖੇਤਰ ’ਚ ਰੂਸ ਨੂੰ ਰੋਕਣ ਲਈ ਘੱਟ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਇਹ ਦੂਜੀ ਵਾਰ ਜਦੋਂ ਅਮਰੀਕਾ ਨੇ ਰੂਸ ਦੇ ਅੰਦਰਲੇ ਇਲਾਕਿਆਂ ’ਚ ਹਮਲੇ ਲਈ ਪੱਛਮੀ ਹਥਿਆਰਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ।
ਮਿਜ਼ਾਈਲਾਂ ਖੁ਼ਦ ਬੋਲਣਗੀਆਂ: ਵਲੋਦੀਮੀਰ ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ, ‘ਅੱਜ ਮੀਡੀਆ ’ਚ ਸਾਨੂੰ ਲੋੜੀਂਦੇ ਕੰਮਾਂ ਲਈ ਇਜਾਜ਼ਤ ਮਿਲਣ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਹੈ ਪਰ ਹਮਲਾ ਸ਼ਬਦਾਂ ਨਾਲ ਨਹੀਂ ਕੀਤਾ ਜਾਂਦਾ। ਅਜਿਹੀਆਂ ਗੱਲਾਂ ਦਾ ਐਲਾਨ ਨਹੀਂ ਕੀਤਾ ਜਾਂਦਾ। ਮਿਜ਼ਾਈਲਾਂ ਖੁਦ ਬੋਲਣਗੀਆਂ।’ ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਸੂਮੀ ਸਮੇਤ ਯੂਕਰੇਨ ਭਰ ’ਚ ਕੁੱਲ 120 ਮਿਜ਼ਾਈਲਾਂ ਤੇ 90 ਡਰੋਨ ਦਾਗੇ ਹਨ। ਰੂਸ ਹਮਲੇ ਲਈ ਵੱਖ ਵੱਖ ਤਰ੍ਹਾਂ ਦੇ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ। -ਏਪੀ