ਕਰਮਜੀਤ ਸਿੰਘ ਚਿੱਲਾ
ਬਨੂੜ, 18 ਨਵੰਬਰ
ਇੱਥੋਂ ਨੇੜਲੇ ਮਾਣਕਪੁਰ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਕਾਫ਼ੀ ਲੋਕ ਬੁਖ਼ਾਰ ਤੋਂ ਪੀੜਤ ਹਨ। ਹਰ ਪਿੰਡ ਵਿਚ ਦਰਜਨਾਂ ਲੋਕ ਬੁਖ਼ਾਰ ਤੋਂ ਪੀੜਤ ਹਨ। ਕਈ ਤਾਂ ਪੂਰੇ ਦੇ ਪੂਰੇ ਪਰਿਵਾਰ ਬੁਖ਼ਾਰ ਕਾਰਨ ਮੰਜ਼ਿਆਂ ’ਤੇ ਪਏ ਹਨ।
ਪਿੰਡ ਮਾਣਕਪੁਰ ਦੀ ਪੰਜਾਹ ਸਾਲਾ ਜਸਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਦੀ ਡੇਂਗੂ ਬੁਖ਼ਾਰ ਨੇ ਜਾਨ ਲੈ ਲਈ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਪੰਜ-ਛੇ ਦਿਨ ਤੋਂ ਬੁਖ਼ਾਰ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਸਥਾਨਕ ਡਾਕਟਰਾਂ ਕੋਲੋਂ ਦਵਾਈ ਲੈਂਦੇ ਰਹੇ। ਸਿਹਤ ਜ਼ਿਆਦਾ ਖ਼ਰਾਬ ਹੋਣ ਅਤੇ ਪਲੇਟਲੈਟਸ ਘਟ ਜਾਣ ਕਾਰਨ ਉਸ ਨੂੰ ਪਹਿਲਾਂ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਕ ਰਾਤ ਉੱਥੇ ਰੱਖਣ ਤੋਂ ਬਾਅਦ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਤੇ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦਾ ਅੱਜ ਪਿੰਡ ਮਾਣਕਪੁਰ ਵਿੱਚ ਸਸਕਾਰ ਕੀਤਾ ਗਿਆ। ਮ੍ਰਿਤਕਾ ਦੇ ਪਰਿਵਾਰ ਅਨੁਸਾਰ ਹਸਪਤਾਲਾਂ ਵਿੱਚ ਡੇਂਗੂ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ।
ਪਿੰਡ ਮਾਣਕਪੁਰ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਤੇ ਨੰਬਰਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿੱਚ ਬੁਖ਼ਾਰ ਦਾ ਬਹੁਤ ਜ਼ੋਰ ਹੈ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਤੁਰੰਤ ਇੱਥੇ ਮੈਡੀਕਲ ਕੈਂਪ ਲਗਾਏ, ਮਰੀਜ਼ਾਂ ਦੇ ਲੋੜੀਂਦੇ ਟੈਸਟ ਕੀਤੇ ਜਾਣ ਅਤੇ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਪਿੰਡ ਵਿਚ ਤੁਰੰਤ ਫੌਗਿੰਗ ਕਰਾਏ ਜਾਣ ਦੀ ਮੰਗ ਵੀ ਕੀਤੀ।