ਡਾ. ਰਾਜਿੰਦਰ ਸਿੰਘ/ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 18 ਨਵੰਬਰ
ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਕਾਂਗਰਸ ਅਤੇ ‘ਆਮ ਆਦਮੀ ਪਾਰਟੀ’ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜਤਿੰਦਰ ਕੌਰ ਰੰਧਾਵਾ ਦੇ ਹੱਕ ’ਚ ਕਾਂਗਰਸ ਵੱਲੋਂ ਕਰਤਾਰਪੁਰ ਲਾਂਘੇ ਦੀ ਮੁੱਖ ਸੜਕ ਤੋਂ ਅੱਜ ਸਵੇਰੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ, ਜੋ ਬਾਅਦ ’ਚ ਹਜ਼ਾਰਾਂ ਗੱਡੀਆਂ ਦੇ ਕਾਫ਼ਲੇ ਨਾਲ ਕਲਾਨੌਰ ਵੱਲ ਰਵਾਨਾ ਹੋਇਆ| ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੀ ਅਗਵਾਈ ’ਚ ਰੋਡ ਸ਼ੋਅ ਕੀਤਾ ਗਿਆ| ਜਾਣਕਾਰੀ ਅਨੁਸਾਰ ਜਦੋਂ ਦੋਵੇਂ ਪਾਰਟੀਆਂ ਦੇ ਰੋਡ ਸ਼ੋਅ ਕਲਾਨੌਰ ਪੁੱਜੇ ਤਾਂ ਦੋਵਾਂ ਦਾ ਆਹਮੋ-ਸਾਹਮਣਾ ਹੋ ਗਿਆ ਤੇ ਕਲਾਨੌਰ ਪੂਰੀ ਤਰ੍ਹਾਂ ਚੋਣ ਰੰਗ ’ਚ ਰੰਗਿਆ ਗਿਆ| ਇਸ ਮੌਕੇ ਕਾਂਗਰਸ ਤੇ ‘ਆਪ’ ਦੇ ਸਮਰਥਕਾਂ ਵੱਲੋਂ ਸਿਆਸੀ ਨਾਅਰੇਬਾਜ਼ੀ ਵੀ ਕੀਤੀ ਗਈ ਪਰ ਬਾਅਦ ’ਚ ਪੁਲੀਸ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਰਵਾਨਾ ਕਰ ਦਿੱਤਾ|
ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਅੱਜ ਦੇ ਰੋਡ ਸ਼ੋਅ ’ਚ ਹੋਏ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਦੇ ਨਾਲ ਖੜ੍ਹੇ ਹਨ|
ਸੁਖਜਿੰਦਰ ਰੰਧਾਵਾ ਨੇ ਕਿਹਾ ਉਨ੍ਹਾਂ ਦੀ ਪਤਨੀ ਅਤੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਦੀ ਜਿੱਤ ਲਗਪਗ ਤੈਅ ਹੈ ਅਤੇ ਸਿਰਫ਼ ਐਲਾਨ ਹੋਣਾ ਬਾਕੀ ਹੈ| ਕਾਂਗਰਸ ਦੇ ਰੋਡ ਸ਼ੋਅ ’ਚ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹੋਏ।
ਬੀਬੀ ਜਤਿੰਦਰ ਕੌਰ ਰੰਧਾਵਾ ਨੇ ਆਖਿਆ ਕਿ ਲੰਘੇ ਡੇਢ ਮਹੀਨੇ ਤੋਂ ਹਲਕੇ ਦੇ ਲੋਕਾਂ ਨਾਲ ਰਾਬਤਾ ਕਰਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੇ ਨਸ਼ੇ ਬਹੁਤ ਵਧ ਗਏ ਹਨ। ਇੱਥੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ।
ਪਰਿਵਾਰਵਾਦ ਖ਼ਿਲਾਫ਼ ਫ਼ਤਵਾ ਦੇਣਗੇ ਲੋਕ: ਧਾਲੀਵਾਲ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਗੁਰਦੀਪ ਸਿੰਘ ਰੰਧਾਵਾ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਲੋਕ ਪਰਿਵਾਰਵਾਦ ਤੇ ਹੰਕਾਰ ਦੇ ਖ਼ਿਲਾਫ਼ ਫਤਵਾ ਦੇਣਗੇ| ਉਨ੍ਹਾਂ ਕਿਹਾ ‘ਆਪ’ ਦੇ ਰੋਡ ਸ਼ੋਅ ਨਾਲ ਪਾਰਟੀ ਨੂੰ ਅੱਜ ਵੱਡਾ ਬਲ ਮਿਲਿਆ ਹੈ।