ਹਰਪ੍ਰੀਤ ਕੌਰ
ਹੁਸ਼ਿਆਰਪੁਰ, 18 ਨਵੰਬਰ
ਚੱਬੇਵਾਲ ਸੀਟ ’ਤੇ ਇਸ ਵਾਰ ਦਲ ਬਦਲੂਆਂ ਦੀ ਟੱਕਰ ਹੈ। ਲੰਬਾ ਸਮਾਂ ਕਾਂਗਰਸ ’ਚ ਰਹਿਣ ਤੇ ਦੋ ਵਾਰ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣਨ ਵਾਲੇ ਡਾ. ਰਾਜ ਕੁਮਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੋ ਗਏ ਅਤੇ ‘ਝਾੜੂ’ ਚੋਣ ਨਿਸ਼ਾਨ ’ਤੇ ਚੋਣ ਜਿੱਤੇ। ਕਾਂਗਰਸ ਛੱਡ ਕੇ ਆਉਣ ਅਤੇ ਸੀਟ ਜਿੱਤ ਕੇ ਝੋਲੀ ਪਾਉਣ ਦਾ ਇਨਾਮ ਪਾਰਟੀ ਨੇ ਉਨ੍ਹਾਂ ਦੇ ਪੁੱਤਰ ਡਾ. ਇਸ਼ਾਂਕ ਕੁਮਾਰ ਨੂੰ ਟਿਕਟ ਦੇ ਕੇ ਦਿੱਤਾ। ਉਂਜ ਪੰਜਾਬ ਸਿਰ ਇਸ ਜ਼ਿਮਨੀ ਚੋਣ ਦਾ ਖਰਚਾ ਵੀ ਡਾ. ਰਾਜ ਦੀ ਦਲਬਦਲੀ ਕਰਕੇ ਪਿਆ ਹੈ। ਉਨ੍ਹਾਂ ਦੇ ਵਿਧਾਇਕੀ ਵਜੋਂ ਦਿੱਤੇ ਅਸਤੀਫ਼ੇ ਕਾਰਨ ਇਹ ਸੀਟ ਖਾਲੀ ਹੋਈ।
ਡਾ. ਇਸ਼ਾਂਕ ਦਾ ਮੁਕਾਬਲਾ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਆਏ ਐਡਵੋਕੇਟ ਰਣਜੀਤ ਕੁਮਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚਾਰ ਵਾਰ ਵਿਧਾਇਕ ਬਣਨ ਵਾਲੇ ਸੋਹਣ ਸਿੰਘ ਠੰਡਲ ਨਾਲ ਹੈ ਜੋ ਟਿਕਟ ਦਾ ਐਲਾਨ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਆਪਣਾ ਮੁਕਾਬਲਾ ਕਾਂਗਰਸ ਨਾਲ ਮੰਨਦੀ ਹੈ। ਸੋਹਣ ਸਿੰਘ ਠੰਡਲ ਪਿਛਲੀਆਂ ਦੋ ਵਿਧਾਨ ਸਭਾ ਅਤੇ ਇਕ ਲੋਕ ਸਭਾ ਚੋਣ ਡਾ. ਰਾਜ ਤੋਂ ਹਾਰ ਚੁੱਕੇ ਹਨ। ਇਸ ਵਾਰ ਅਕਾਲੀ-ਭਾਜਪਾ ਦਾ ਗੱਠਜੋੜ ਵੀ ਨਹੀਂ ਅਤੇ ਠੰਡਲ ਵੱਲੋਂ ਪਾਰਟੀ ਛੱਡਣ ਤੋਂ ਔਖੇ ਹੋਏ ਅਕਾਲੀ ਵਰਕਰ ਅੰਦਰੋਂ ਕਾਂਗਰਸ ਦੀ ਹਮਾਇਤ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵਾਂਗ ਬਹੁਜਨ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ ਨਹੀਂ ਉਤਾਰਿਆ ਜਦੋਂਕਿ ਪਾਰਟੀ ਇਹ ਸੀਟ 1992 ਵਿਚ ਜਿੱਤ ਚੁੱਕੀ ਹੈ। ਪਾਰਟੀ ਨੇ ਫ਼ੈਸਲਾ ਲਿਆ ਹੈ ਕਿਸੇ ਵੀ ਉਮੀਦਵਾਰ ਦੀ ਹਮਾਇਤ ਨਹੀਂ ਕੀਤੀ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ ਬਸਪਾ ਵੋਟ ਸਾਰੇ ਉਮੀਦਵਾਰਾਂ ’ਚ ਵੰਡੀ ਜਾਵੇਗੀ।
ਡਾ. ਰਾਜ ਨੇ ਪਿਛਲੇ 17 ਸਾਲ ਹਲਕੇ ਵਿੱਚ ਜੋ ਭੱਲ ਬਣਾਈ ਹੈ, ਉਸ ਦਾ ਉਨ੍ਹਾਂ ਦੇ ਪੁੱਤਰ ਨੂੰ ਲਾਭ ਹੋਣਾ ਲਾਜ਼ਮੀ ਹੈ ਪਰ ਕਈ ਲੋਕਾਂ ਨੂੰ ਉਨ੍ਹਾਂ ਦੀ ਚੜ੍ਹਤ ਰਾਸ ਨਹੀਂ ਆ ਰਹੀ। ਪਾਰਟੀ ਵਲੋਂ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੱਤੇ ਜਾਣਾ, ਵੀ ਪੁਰਾਣੇ ਵਰਕਰਾਂ ਨੂੰ ਹਜ਼ਮ ਨਹੀਂ ਹੋ ਰਿਹਾ। ਡਾ. ਰਾਜ ਲਈ ਇਹ ਸੀਟ ਜਿੱਤਣੀ ਵੱਕਾਰ ਦਾ ਸਵਾਲ ਬਣੀ ਹੋਈ ਹੈ। ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਅਤੇ ਭਾਜਪਾ ਉਮੀਦਵਾਰ ਠੰਡਲ ਵੱਲੋਂ ਚੋਣ ਮੁਹਿੰਮ ਦੌਰਾਨ ਕਿਸਾਨਾਂ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਗਿਆ। ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਦੀ ਹੋਈ ਖੱਜਲ ਖੁਆਰੀ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਭਾਜਪਾ ਦੇ ਮੁਕਾਬਲੇ ਕਾਂਗਰਸ ਦੀ ਚੋਣ ਮੁਹਿੰਮ ਜ਼ਿਆਦਾ ਹਮਲਾਵਰ ਰਹੀ। ਰਣਜੀਤ ਕੁਮਾਰ ਨੂੰ ਆਪਣੀ ਪਿੱਤਰੀ ਪਾਰਟੀ ਬਸਪਾ ਦਾ ਸਾਥ ਮਿਲਣ ਦੀ ਵੀ ਉਮੀਦ ਹੈ। ਠੰਡਲ ਦੀ ਚੋਣ ਮੁਹਿੰਮ ਦੀ ਕਮਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਭਾਜਪਾ ਆਗੂਆਂ ਦੇ ਹੱਥ ਸੀ ਪਰ ਇਸ ਵਿਚ ਕੋਈ ਗਰਮਜੋਸ਼ੀ ਨਜ਼ਰ ਨਹੀਂ ਆਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ 20 ਤਰੀਕ ਨੂੰ ਪੈਣ ਵਾਲੀਆਂ ਵੋਟਾਂ ਲਈ ਪੁਖਤਾ ਬੰਦੋਬਸਤ ਕੀਤੇ ਗਏ ਹਨ।
ਕਾਂਗਰਸ ਦਾ ਵੋਟ ਬੈਂਕ ਪਹਿਲਾਂ ਨਾਲੋਂ ਘਟਿਆ
ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਵੋਟ ਬੈਂਕ 49.96 ਫ਼ੀਸਦੀ ਤੋਂ ਘੱਟ ਕੇ 41.02 ਫ਼ੀਸਦੀ ਰਹਿ ਗਿਆ, ਜਦੋਂਕਿ ਆਮ ਆਦਮੀ ਪਾਰਟੀ ਦਾ ਆਧਾਰ 17.71 ਫ਼ੀਸਦੀ ਤੋਂ 34.40 ਫ਼ੀਸਦੀ ਹੋ ਗਿਆ। ਲੋਕ ਸਭਾ ਚੋਣਾਂ ਵਿੱਚ ਡਾ. ਰਾਜ ਨੂੰ ਸਭ ਤੋਂ ਵੱਧ 27 ਹਜ਼ਾਰ ਵੋਟਾਂ ਦੀ ਲੀਡ ਮਿਲੀ ਸੀ। ਹਾਲਾਂਕਿ ਇਹ ਲੀਡ ਪਾਰਟੀ ਨੂੰ ਘੱਟ ਤੇ ਡਾ. ਰਾਜ ਦੇ ਅਸਰ ਰਸੂਖ ਨੂੰ ਵੱਧ ਸੀ। ਆਪਣੇ ਪੁੱਤਰ ਦੀ ਚੋਣ ਮੁਹਿੰਮ ਦਾ ਸਾਰਾ ਦਾਰਮਦਾਰ ਉਨ੍ਹਾਂ ’ਤੇ ਹੀ ਹੈ।