ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਨਵੰਬਰ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਸਾਰੇ ਉਮੀਦਵਾਰਾਂ ਨੇ ਪੂਰੀ ਵਾਹ ਲਾ ਦਿੱਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਫੁੱਲਾਂ ਨਾਲ ਸ਼ਿੰਗਾਰੇ ‘ਛੋਟੇ ਹਾਥੀ’ ਉੱਪਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਅਮਨ ਅਰੋੜਾ ਸਣੇ ਕੁਝ ਫਿਲਮੀ ਹਸਤੀਆਂ ਨਾਲ ਸ਼ਹਿਰ ’ਚ ਮਾਰਚ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਵੋਟਿੰਗ ਮਸ਼ੀਨ ’ਤੇ 2 ਨੰਬਰ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਡਿੰਪੀ ਢਿੱਲੋਂ ਨੇ ਪਿੰਡ ਸਾਹਿਬ ਚੰਦ, ਬਬਾਣੀਆਂ, ਗਿਲਜੇਵਾਲਾ, ਗਿੱਦੜਬਾਹਾ, ਭੂੰਦੜ ਆਦਿ ਪਿੰਡਾਂ ’ਚ ਲੋਕਾਂ ਨੂੰ ਮਿਲਦਿਆਂ ਉਸ ਦੇ ਹੱਕ ’ਚ ਭੁਗਤਣ ਲਈ ਆਖਿਆ।
ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ’ਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰਾਂ ਨੇ ਡੇਰਾ ਬਾਬਾ ਗੰਗਾ ਰਾਮ, ਸਚਦੇਵਾ ਡੇਅਰੀ, ਸਾਈਂ ਮੰਦਰ ਚੌਕ, ਬਰਫਵਾਲਾ ਚੌਕ, ਘੰਟਾ ਘਰ ਚੌਕ, ਬੱਸ ਸਟੈਂਡ, ਪਾਰਕ ਵਾਲਾ ਚੌਕ ਤੇ ਗਾਂਧੀ ਚੌਕ ਖੇਤਰ ’ਚ ਪੈਦਲ ਮਾਰਚ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਵੜਿੰਗ ਪਰਿਵਾਰ ਤੇ ਸਥਾਨਕ ਆਗੂ ਵੀ ਮੌਜੂਦ ਸਨ। ਰਾਜਾ ਵੜਿੰਗ ਦੇ ਸੋਸ਼ਲ ਮੀਡੀਆ ਗਰੁੱਪ ’ਤੇ ਵੀ ਵੋਟਿੰਗ ਮਸ਼ੀਨ ਦਾ 1 ਨੰਬਰ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਵੋਟਾਂ ਦੇ ਪ੍ਰਬੰਧ ਮੁਕੰਮਲ ਕਰਨੇ ਸ਼ੁਰੂ ਕਰ ਦਿੱਤੇ ਹਨ।
ਮਨਪ੍ਰੀਤ ਬਾਦਲ ਵੱਲੋਂ ਪਿੰਡਾਂ ਵਿੱਚ ਚੋਣ ਪ੍ਰਚਾਰ
ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਸ਼ਹਿਰ ਦੀ ਬਜਾਏ ਪਿੰਡਾਂ ’ਚ ਲੋਕ ਮਿਲਣੀਆਂ ਕਰਦਿਆਂ ਲੋਕਾਂ ਨੂੰ ਆਪਣੇ ਹੱਕ ’ਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ, ਬੇਅੰਤ ਸਿੰਘ, ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੈ ਸਾਂਪਲਾ ਤੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਵੀ ਪਿੰਡਾਂ ’ਚ ਪ੍ਰਚਾਰ ਕਰਦਿਆਂ ਮਨਪ੍ਰੀਤ ਬਾਦਲ ਨੂੰ ਜਿਤਾਉਣ ਦੀ ਅਪੀਲ ਕੀਤੀ।