ਗੁਰਦੀਪ ਸਿੰਘ ਭੱਟੀ
ਟੋਹਾਣਾ, 18 ਨਵੰਬਰ
ਭਾਜਪਾ ਮੈਂਬਰਸ਼ਿਪ ਮੁਹਿੰਮ ਦੌਰਾਨ ਜ਼ਿਲ੍ਹਾ ਹੈੱਡਕਆਰਟਰ ਫਤਿਹਾਬਾਦ ਵਿੱਚ ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਬਕਾ ਮੰਤਰੀ ਦੇਵਿੰਦਰ ਬਬਲੀ ਨੇ ਵਿਧਾਨ ਸਭਾ ਚੋਣਾਂ ਵਿੱਚ ਵਿਸ਼ਵਾਸਘਾਤ ਕਰਨ ਵਾਲਿਆਂ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਕਿਹੜਾ ਨੇਤਾ ਕੀ ਕਰ ਰਿਹਾ ਹੈ ਇਹ ਸਭ ਦਿੱਲੀ ਬੈਠੇ ਭਾਜਪਾ ਨੇਤਾਵਾਂ ਨੂੰ ਪਤਾ ਹੈ। ਜ਼ਿਕਰਯੋਗ ਹੈ ਕਿ ਬਬਲੀ ਨੂੰ ਟੋਹਾਣਾ ਸੀਟ ਹਾਰ ਦਾ ਸਾਹਮਣਾ ਕਰਨ ਪਿਆ ਸੀ। ਉਨ੍ਹਾਂ ਕਿਹਾ ਕਿ ਉਹ ਨਹੀਂ ਹਾਰਿਆ ਸਗੋਂ ਇੱਥੋਂ ਕਮਲ ਦੀ ਹਾਰ ਲਈ ਜ਼ਿੰਮੇਵਾਰ ਟੋਹਾਣਾ ਦਾ ਸੱਤਾ ਦਾ ਅਨੰਦ ਮਾਨਣ ਵਾਲਾ ਆਗੂ ਹੈ। ਇਸ ਮੌਕੇ ਸੁਭਾਸ਼ ਬਰਾਲਾ ਰਾਜ ਸਭਾ ਮੈਂਬਰ ਬੜੌਲੀ ਵੀ ਨਾਲ ਵਾਲੀ ਕੁਰਸੀ ’ਤੇ ਬੈਠਿਆ ਸੀ। ਬਬਲੀ ਨੇ ਬਰਾਲਾ ਦਾ ਨਾਂ ਲਏ ਬਗ਼ੈਰ ਵਾਰ-ਵਾਰ ਤਿੱਖੇ ਹਮਲੇ ਕੀਤੇ। ਬਬਲੀ ਨੇ ਕਿਹਾ ਕਿ ਉਸ ਨੂੰ ਹਰਾਉਣ ਲਈ ਪਾਰਟੀ ਨਾਲ ਧੋਖਾ ਕੀਤਾ ਗਿਆ। ਸੂਬੇ ਵਿਚ ਭਾਜਪਾ ਸਰਕਾਰ ਬਣ ਗਈ ਤਾਂ ਉਹ ਨੇਤਾ ਫਿਰ ਭਾਜਪਾ ਦੀਆਂ ਸਟੇਜਾਂ ’ਤੇ ਲਗਾਤਾਰ ਪੁੱਜ ਰਿਹਾ ਹੈ। ਬਬਲੀ ਨੇ ਸੂਬਾ ਪ੍ਰਧਾਨ ਨੂੰ ਕਮਲ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਜ਼ੋਰ ਦਿੱਤਾ। ਇਸ ਦੌਰਾਨ ਭਾਜਪਾ ਸੂਬਾ ਪ੍ਰਧਾਨ ਬੜੌਲੀ ਨੇ ਕਿਹਾ ਕਿ ਕਿਹੜਾ ਨੇਤਾ ਕੀ ਕਰ ਰਿਹਾ ਹੈ ਤੇ ਉਹ ਕਿੰਨੇ ਪਾਣੀ ਵਿੱਚ ਹੈ, ਦਿੱਲੀ ਬੈਠੇ ਨੇਤਾਵਾਂ ਨੂੰ ਸਭ ਪਤਾ ਹੈ। ਚੋਣਾਂ ਦੌਰਾਨ ਕਾਫੀ ਨੇਤਾ ਆਏ ਤੇ ਫੋਟੋ ਖਿਚਵਾ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਉਸ ਕੋਲ ਕਾਫੀ ਸ਼ਿਕਾਇਤਾਂ ਆਈਆਂ ਹਨ। ਬੜੌਲੀ ਨੇ ਕਿਹਾ ਕਿ ਕਿਸੇ ਦੇ ਕਹਿਣ ਤੇ ਵੋਟ ਟਰਾਂਸਫਰ ਨਹੀਂ ਹੁੰਦਾ। ਜ਼ਿਕਰਯੋਗ ਹੈ ਕਿ ਫਤਿਹਾਬਾਦ ਜ਼ਿਲ੍ਹੇ ਦੀਆਂ ਤਿੰਨੋ ਸੀਟਾਂ ਹਾਰ ਜਾਣ ’ਤੇ ਭਾਜਪਾ ਦੇ ਆਗੂਆਂ ਖ਼ਿਲਾਫ਼ ਕਾਫ਼ੀ ਸ਼ਿਕਾਇਤਾਂ ਪਹੁੰਚ ਗਈਆਂ ਹਨ।