ਰੀਓ ਡੀ ਜੇਨੇਰੀਓ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ, ਪੁਰਤਗਾਲ ਦੇ ਪ੍ਰਧਾਨ ਮੰਤਰੀ ਲੁਇਸ ਮੌਂਟੇਨੇਗਰੋ ਤੇ ਚਿਲੀ ਦੇ ਰਾਸ਼ਟਰਪਤੀ ਗੈਬਰੀਅਲ ਬੋਰਿਕ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਜੀ-20 ਸਿਖਰ ਸੰਮੇਲਨ ਦੌਰਾਨ ਸ੍ਰੀ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ ਤੇ ਭਗੌੜਿਆਂ ਵਿਜੈ ਮਾਲਿਆ, ਨੀਰਵ ਮੋਦੀ ਅਤੇ ਸੰਜੈ ਭੰਡਾਰੀ ਦੀ ਹਵਾਲਗੀ ਦਾ ਮੁੱਦਾ ਵੀ ਚੁੱਕਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸ੍ਰੀ ਮੋਦੀ ਨੇ ਸਟਾਰਮਰ ਨਾਲ ਗੱਲਬਾਤ ਦੌਰਾਨ ਭਗੌੜਿਆਂ ਦੇ ਨਾਮ ਨਹੀਂ ਲਏ। ਇਸ ਦੌਰਾਨ ਉਨ੍ਹਾਂ ਬੇਲਫਾਸਟ ਅਤੇ ਮਾਨਚੈਸਟਰ ’ਚ ਦੋ ਨਵੇਂ ਭਾਰਤੀ ਕੌਂਸਲੇਟ ਖੋਲ੍ਹਣ ਦਾ ਐਲਾਨ ਵੀ ਕੀਤਾ। ਮੋਦੀ ਅਤੇ ਸਟਾਰਮਰ ਨੇ ਦੋਵੇਂ ਮੁਲਕਾਂ ਦੇ ਪਰਵਾਸੀਆਂ ਸਬੰਧੀ ਮਾਮਲਿਆਂ ਨਾਲ ਸਿੱਝਣ ’ਚ ਤੇਜ਼ੀ ਲਿਆਉਣ ’ਤੇ ਵੀ ਸਹਿਮਤੀ ਜਤਾਈ।