ਪੱਤਰ ਪ੍ਰੇਰਕ
ਮਾਛੀਵਾੜਾ, 19 ਨਵੰਬਰ
ਪਿੰਡ ਹਿਯਾਤਪੁਰ ਵਿੱਚ ਘਰ ਦੇ ਵਿਹੜੇ ਵਿੱਚ ਖੇਡਦੀ ਡੇਢ ਸਾਲਾ ਬੱਚੀ ’ਤੇ ਲੋਹੇ ਦਾ ਗੇਟ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਦੀ ਦਾਦੀ ਗੁਰਦੇਵ ਕੌਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਲੜਕੇ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਚੁੱਕਿਆ ਹੈ। ਇਸ ਮਗਰੋਂ ਦਰਸ਼ਨ ਸਿੰਘ ਵਿਦੇਸ਼ ਚਲਾ ਗਿਆ। ਹੁਣ ਉਹੀ ਆਪਣੀ ਡੇਢ ਸਾਲਾਂ ਪੋਤਰੀ ਬਾਣੀ ਕੌਰ ਦਾ ਪਾਲਣ ਪੋਸ਼ਣ ਕਰ ਰਹੀ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਮੁਤਾਬਿਕ ਘਰ ਵਿੱਚ ਮਿਸਤਰੀ ਲੱਗੇ ਹੋਏ ਸਨ ਜੋ ਟਾਈਲਾਂ ਲਗਾ ਰਹੇ ਸਨ। ਮਿਸਤਰੀਆਂ ਵੱਲੋਂ ਲੋਹੇ ਦਾ ਗੇਟ ਖੋਲ੍ਹ ਕੇ ਕੰਧ ਨਾਲ ਖੜ੍ਹਾ ਕੀਤਾ ਹੋਇਆ ਸੀ। ਜਦੋਂ ਬੱਚੀ ਖੇਡਦਿਆਂ ਉਸ ਲੋਹੇ ਦੇ ਗੇਟ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਗੇਟ ਉਸ ਉੱਪਰ ਆ ਡਿੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।