ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਨਵੰਬਰ
ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਦਿ ਚਾਈਲਡ ਰਾਈਟਸ (ਸੀਸੀਪੀਸੀਆਰ) ਵੱਲੋਂ ਅੱਜ ਇੱਥੋਂ ਦੇ ਪ੍ਰਾਈਵੇਟ ਸਕੂਲ ’ਚ ਸਕੂਲੀ ਸਮੇਂ ਵਿੱਚ ਕੋਚਿੰਗ ਸੈਂਟਰ ਦੀਆਂ ਜਮਾਤਾਂ ਲਾਉਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਗਈ। ਇਸ ਦੌਰਾਨ ਸਕੂਲ ਪ੍ਰਬੰਧਕ ਨੇ ਬਾਲ ਕਮਿਸ਼ਨ ਟੀਮ ਨਾਲ ਦੁਰਵਿਹਾਰ ਕੀਤਾ ਤੇ ਉਨ੍ਹਾਂ ਨਾਲ ਧੱਕਾਮੁੱਕੀ ਵੀ ਕੀਤੀ। ਇਸ ਤੋਂ ਬਾਅਦ ਕਮਿਸ਼ਨ ਨੇ ਇਸ ਸਬੰਧੀ ਐੱਸਐੱਸਪੀ ਤੇ ਸੀਬੀਐੱਸਈ ਨੂੰ ਸ਼ਿਕਾਇਤ ਕੀਤੀ ਹੈ। ਇਸ ਮੌਕੇ ਸਕੂਲ ’ਚ ਸੀਬੀਐਸਈ ਨਿਯਮਾਂ ਦਾ ਉਲੰਘਣ ਤੇ ਹੋਰ ਖਾਮੀਆਂ ਮਿਲੀਆਂ।
ਜਾਣਕਾਰੀ ਅਨੁਸਾਰ ਸਟੈਪਿੰਗ ਸਟੋਨਜ਼ ਸਕੂਲ ਸੈਕਟਰ-37 ’ਚ ਸਕੂਲੀ ਸਮੇਂ ਦੌਰਾਨ ਨਾਨ-ਮੈਡੀਕਲ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਸਕੂਲ ਦੇ ਅਹਾਤੇ ਵਿੱਚ ਕੋਚਿੰਗ ਸੈਂਟਰ ਦੀਆਂ ਕਲਾਸਾਂ ਚੱਲ ਰਹੀਆਂ ਸਨ। ਇਸ ਸਬੰਧੀ ਮਿਲੀ ਸ਼ਿਕਾਇਤ ਤੋਂ ਬਾਅਦ ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਦੀ ਅਗਵਾਈ ਹੇਠ ਟੀਮ ਸਕੂਲ ’ਚ ਜਾਂਚ ਕਰਨ ਪੁੱਜੀ ਤਾਂ ਉੱਥੇ ਕੋਚਿੰਗ ਜਮਾਤਾਂ ਚੱਲ ਰਹੀਆਂ ਸਨ। ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਕੂਲ ’ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੇ ਮਾਨਤਾ ਉਪ-ਨਿਯਮਾਂ, 2018 ਦੀਆਂ ਕਈ ਉਲੰਘਣਾਵਾਂ ਮਿਲੀਆਂ। ਇਸ ਸਕੂਲ ’ਚ ਵਪਾਰਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਕੂਲ ਵਿੱਚ ਫਿਟਜੀ ਸੰਸਥਾਨ ਦੇ ਫੈਕਲਟੀ ਮੈਂਬਰਾਂ ਕੋਲੋਂ ਸਕੂਲ ਤੋਂ ਬਾਹਰ ਵਾਲੇ ਵਿਦਿਆਰਥੀ ਵੀ ਪੜ੍ਹ ਰਹੇ ਸਨ। ਟੀਮ ਨੇ ਜਦੋਂ ਫੈਕਲਟੀ ਨੂੰ ਸਵਾਲ ਕੀਤੇ ਤਾਂ ਉਹ ਜਵਾਬ ਨਾ ਦੇ ਸਕੇ ਤੇ ਇੰਨੇ ’ਚ ਸਕੂਲ ਦਾ ਡਾਇਰੈਕਟਰ ਆ ਗਿਆ ਤੇ ਉਨ੍ਹਾਂ ਗ਼ਲਤ ਸ਼ਬਦਾਵਲੀ ਵਰਤੀ ਤੇ ਕਮਿਸ਼ਨ ਦੀ ਟੀਮ ਦੇ ਇਕ ਮੈਂਬਰ ਦਾ ਕਾਲਰ ਫੜਿਆ ਤੇ ਧੱਕਾ ਵੀ ਮਾਰਿਆ।
ਸਕੂਲ ਪ੍ਰਬੰਧਕ ਦਾ ਵਤੀਰਾ ਗ਼ਲਤ: ਚੇਅਰਪਰਸਨ
ਯੂਟੀ ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਉਹ ਇਸ ਸਕੂਲ ’ਚ ਵਪਾਰਕ ਗਤੀਵਿਧੀਆਂ ਦੀ ਸ਼ਿਕਾਇਤ ਦੀ ਜਾਂਚ ਕਰਨ ਗਏ ਸਨ ਤੇ ਸਕੂਲ ਦੇ ਡਾਇਰੈਕਟਰ ਨੇ ਇਕ ਸਟਾਫ ਮੈਂਬਰ ’ਤੇ ਹੱਥ ਚੁੱਕਿਆ ਤੇ ਹੋਰ ਮੈਂਬਰਾਂ ਨਾਲ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਸਬੰਧੀ ਉਨ੍ਹਾਂ ਨੇ ਚੰਡੀਗੜ੍ਹ ਦੇ ਐੱਸਐੱਸਪੀ, ਸੀਬੀਐੱਸਈ ਤੇ ਸਿੱਖਿਆ ਸਕੱਤਰ ਨੂੰ ਸ਼ਿਕਾਇਤ ਕੀਤੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਕਮਿਸ਼ਨ ਮੈਂਬਰਾਂ ਨੂੰ ਡਰਾਇਆ ਤੇ ਧਮਕਾਇਆ ਗਿਆ।