ਨਵੀਂ ਦਿੱਲੀ, 19 ਨਵੰਬਰ
ਬਾਹਰੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਦੇਰ ਰਾਤ ਅੱਗ ਲੱਗਣ ਕਾਰਨ ਲਗਪਗ 150 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਅੱਗ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਨਾਲ ਅੱਗ ਬੁਝਾਈ।
ਇਸ ਸਬੰਧੀ ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਬਾਰੇ ਸੂਚਨਾ ਦੇਰ ਰਾਤ ਲਗਪਗ 1.30 ਵਜੇ ਮਿਲੀ ਸੀ। ਸੂਚਨਾ ਮਿਲਣ ਮਗਰੋਂ 18 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਤੇ ਅੱਜ ਸਵੇਰੇ 7 ਵਜੇ ਤੱਕ ਅੱਗ ’ਤੇ ਕਾਫ਼ੀ ਮੁਸ਼ਕੱਤ ਨਾਲ ਕਾਬੂ ਪਾਇਆ।
ਅਧਿਕਾਰੀ ਅਨੁਸਾਰ ਝੁੱਗੀਆਂ ਵਿੱਚ ਅੱਗ ਤਾਰਾਂ ਭਿੜਨ ਕਾਰਨ ਲੱਗੀ ਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
ਕੁਰਸੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗੀ
ਨਵੀਂ ਦਿੱਲੀ:
ਬਾਹਰੀ ਦਿੱਲੀ ਦੇ ਬਵਾਨਾ ਖੇਤਰ ਵਿੱਚ ਅੱਜ ਤੜਕੇ ਕੁਰਸੀਆਂ ਬਣਾਉਣ ਵਾਲੀ ਇਕ ਫੈਕਟਰੀ ਵਿੱਚ ਅੱਗ ਲੱਗ ਗਈ। ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਬਵਾਨਾ ਦੇ ਬੀ-ਬਲਾਕ ਵਿੱਚ ਇਕ ਕੁਰਸੀ ਵਿੱਚ ਸਵੇਰੇ 5.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਜਾ ਕੇ ਪਤਾ ਲੱਗਾ ਕਿ ਤਿੰਨ ਮੰਜ਼ਿਲਾ ਇਮਾਰਤ ਸਥਿਤ ਕੁਰਸੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗੀ ਸੀ। ਉਨ੍ਹਾਂ ਦੱਸਿਆ ਕਿ ਅੱਗ ਬੁਝਾ ਦਿੱਤੀ ਹੈ। -ਪੀਟੀਆਈ
ਪੁਲੀਸ ਨੇ ਚੱਲਣ ਤੋਂ ਅਸਮਰਥ ਬਿਰਧ ਔਰਤ ਨੂੰ ਬਚਾਇਆ
ਨਵੀਂ ਦਿੱਲੀ:
ਇੱਥੇ ਉੱਤਰੀ ਦਿੱਲੀ ਵਿੱਚ ਅੱਗ ਲੱਗਣ ਦੌਰਾਨ ਚੱਲਣ ਤੋਂ ਅਸਮਰਥ ਬਜ਼ੁਰਗ ਔਰਤ ਨੂੰ ਪੁਲੀਸ ਨੇ ਬਚਾਅ ਲਿਆ। ਇਸ ਸਬੰਧੀ ਵੀਡੀਓ ਵਾਇਰਲ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਦਿੱਲੀ ਦੇ ਸ਼ਕਤੀ ਨਗਰ ਖੇਤਰ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਪੁਲੀਸ ਅਧਿਕਾਰੀ ਰਾਜਾ ਬਾਂਠਿਆ ਨੇ ਸ਼ੱਕ ਪ੍ਰਗਟਾਇਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਪਦੀ ਹੈ। ਇਸ ਦੌਰਾਨ ਇਮਾਰਤ ਵਿੱਚ ਰਹਿਣ ਵਾਲੇ ਸਾਰੇ ਵਿਅਕਤੀ ਬਾਹਰ ਆ ਗਏ ਪਰ ਇੱਕ 76 ਸਾਲਾ ਦੀ ਔਰਤ, ਜੋ ਚੱਲ ਨਹੀਂ ਸਕਦੀ ਸੀ, ਇਮਾਰਤ ਵਿੱਚ ਫਸ ਗਈ। ਇਸ ਦੌਰਾਨ ਪੁਲੀਸ ਅਧਿਕਾਰੀ ਰਮੇਸ਼ ਕੌਸ਼ਿਕ, ਹਵਲਦਾਰ ਰਜਨੀਸ਼ ਅਤੇ ਆਰਸ੍ਰੀ ਜਿਤੇਂਦਰ ਨੇ ਛੱਤ ’ਤੇ ਚੜ੍ਹ ਕੇ ਔਰਤ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਵ੍ਹੀਲ ਚੇਅਰ ’ਤੇ ਬੈਠੀ ਔਰਤ ਨੂੰ ਪੌੜ੍ਹੀਆਂ ਸਹਾਰੇ ਹੇਠਾਂ ਲਿਆਂਦਾ। ਮਗਰੋਂ ਬਜ਼ੁਰਗ ਔਰਤ ਦੀ ਵੀਡੀਓ ਵਾਇਰਲ ਹੋਈ , ਜਿਸ ਵਿੱਚ ਉਹ ਪੁਲੀਸ ਮੁਲਾਜ਼ਮਾਂ ਦੀ ਸ਼ਲਾਘਾ ਅਤੇ ਧੰਨਵਾਦ ਕਰਦੀ ਦਿਖਾਈ ਦੇ ਰਹੀ ਹੈ। -ਪੀਟੀਆਈ