ਮੁਕੇਸ਼ ਕੁਮਾਰ
ਚੰਡੀਗੜ੍ਹ, 19 ਨਵੰਬਰ
ਚੰਡੀਗੜ੍ਹ ਨਗਰ ਨਿਗਮ ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੀ ਵੰਡ ਦੀਆਂ ਸ਼ਿਕਾਇਤ ਸਬੰਧੀ ਨਿਗਮ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਹੈ। ਠੇਕੇ ’ਤੇ ਕੰਮ ਕਰ ਰਹੇ ਇਨ੍ਹਾਂ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਵਿੱਚ ਦੇਰੀ ਦਾ ਸਖ਼ਤ ਨੋਟਿਸ ਲੈਂਦਿਆਂ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਮੰਗਲਵਾਰ ਨੂੰ ਸਿਵਲ ਬਾਡੀ ਨੂੰ ਮੈਨਪਾਵਰ ਸਪਲਾਈ ਕਰਨ ਵਾਲੇ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਬੰਧਤ ਠੇਕੇਦਾਰ ਨੂੰ ਸੱਤ ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਹਨ। ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਅਜਿਹਾ ਨਾਲ ਕਰਨ ’ਤੇ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਨਿਗਮ ਕਮਿਸ਼ਨਰ ਨੇ ਮੈਨਪਾਵਰ ਸਪਲਾਈ ਕਰਨ ਵਾਲੀ ਮੈਸਰਜ਼ ਇਨੋਵਿਜ਼ਨ ਲਿਮਟਿਡ ਨੂੰ ਇਕਰਾਰਨਾਮੇ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਲਈ ਆਊਟਸੋਰਸ ਕਾਮਿਆਂ ਨੂੰ ‘ਦੀਵਾਲੀ’ ਤਿਉਹਾਰ ਲਈ ਪੇਸ਼ਗੀ ਤਨਖ਼ਾਹ ਜਾਰੀ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਜਾਰੀ ਕੀਤਾ ਗਿਆ ਸੀ ਜੋ ਇਕਰਾਰਨਾਮੇ ਦੀ ਉਲੰਘਣਾ ਹੈ। ਨੋਟਿਸ ਵਿੱਚ ਠੇਕੇਦਾਰ ਤੋਂ ਪੁੱਛਿਆ ਗਿਆ ਹੈ ਕਿ ਯੂਟੀ ਪ੍ਰਸ਼ਾਸਨ ਨੀਤੀ 2009 ਦੀ ਉਪਬੰਧਾਂ ਅਤੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਦੇ ਕਾਰਨ ਸਮਝੌਤੇ ਦੇ ਉਪਬੰਧਾਂ ਦੇ ਤਹਿਤ ਏਜੰਸੀ ਨੂੰ ਬਲੈਕਲਿਸਟ ਕਿਉਂ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦਾ ਜ਼ਿਆਦਾਤਰ ਸਟਾਫ ਠੇਕੇ ’ਤੇ ਹੈ ਅਤੇ ਇਹ ਸਟਾਫ ਕਿਸੇ ਨਾ ਕਿਸੇ ਪ੍ਰਾਈਵੇਟ ਕੰਪਨੀ ਵੱਲੋਂ ਨਗਰ ਨਿਗਮ ਨੂੰ ਮੁਹੱਈਆ ਕੀਤਾ ਜਾ ਰਿਹਾ ਹੈ। ਆਮ ਤੌਰ ’ਤੇ ਠੇਕੇ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਵੱਲੋਂ ਆਪਣੇ ਕਾਮਿਆਂ ਨੂੰ ਸਮੇਂ ਸਿਰ ਤਨਖ਼ਾਹ ਨਾ ਦੇਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ।