ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਨਵੰਬਰ
ਡੀਟੀਐੱਫ ਦੇ ਆਗੂ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੇ 18 ਨਵੰਬਰ 2022 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਦੋ ਸਾਲ ਬੀਤਣ ਦੇ ਬਾਵਜੂਦ ਲਾਗੂ ਨਾ ਕਰਨ ਤੋਂ ਨਾਕਾਮ ਸਾਬਤ ਹੋਈ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਬਣਾਉਣ ਲਈ ਭਾਵੇਂ ਸਰਕਾਰ ਵੱਲੋਂ ਪਿਛਲੇ ਸਮੇ ਸਬ ਕਮੇਟੀ ਬਣਾਈ ਗਈ ਸੀ, ਪਰ ਦੋ ਸਾਲ ਬੀਤਣ ਦੇ ਬਾਵਜੂਦ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਵੱਲ ਇੱਕ ਵੀ ਕਦਮ ਨਹੀਂ ਪੁੱਟਿਆ ਗਿਆ ਅਤੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਤੇ ਵੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਅਕਤੂਬਰ ’ਚ ਲਾਏ ਤਿੰਨ ਦਿਨਾ ਪੈਨਸ਼ਨ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਦੇ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ ਵੱਡੇ ਪੱਧਰ ਤੇ ਉਭਾਰੀ ਗਈ ਸੀ। ਇਸ ਮੋਰਚੇ ਵਿੱਚੋਂ ਸਬ ਕਮੇਟੀ ਨਾਲ ਤੈਅ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਉਲਟ ਸਬ ਕਮੇਟੀ ਦਾ ਸਮੁੱਚਾ ਬਿਰਤਾਂਤ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਕੇ ਪੁਰਾਣੀ ਪੈਨਸ਼ਨ ਦੇ ਵਿਰੋਧ ਵਾਲਾ ਅਤੇ ਕੇਂਦਰੀ ਸਕੀਮ ਯੂਪੀਐੱਸ ’ਤੇ ਵਿਚਾਰ ਕਰਨ ਦਾ ਹੈ, ਜੋ ਸੂਬਾ ਸਰਕਾਰ ਦਾ ਪੁਰਾਣੀ ਪੈਨਸ਼ਨ ਤੋਂ ਪਿੱਛੇ ਹਟਣ ਦਾ ਸਪੱਸ਼ਟ ਸੰਕੇਤ ਹੈ।