ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਨਵੰਬਰ
ਇੱਥੋਂ ਨੇੜਲੇ ਪਿੰਡ ਸੰਗਤਪੁਰਾ ਵਿਚ ਨਹਿਰੀ ਵਿਭਾਗ ਵੱਲੋਂ ਨਿਲਾਮ ਕੀਤੇ ਨਹਿਰੀ ਕੋਠੀ ਵਾਲੇ ਰਕਬੇ ਦਾ ਮੁੜ ਤੋਂ ਕਬਜ਼ਾ ਲੈਣ ਲਈ ਕਈ ਵਾਰ ਕਬਜ਼ਾ ਵਾਰੰਟ ਲੈ ਕੇ ਜਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਰਕਬੇ ਦੇ ਖਰੀਦਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਥਾਂ ਦੇ ਖ਼ਰੀਦਦਾਰ ਦੀਪਇੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦਾ ਵਾਰੰਟ ਕਬਜ਼ਾ ਪਹਿਲੀ ਦਫ਼ਾ ਨਹੀਂ ਸਗੋਂ ਵਿਭਾਗ ਵੱਲੋਂ ਪਹਿਲਾਂ ਵੀ 14-15 ਵਾਰ ਵਾਰੰਟ ਕਬਜ਼ਾ ਲੈ ਕੇ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਯਤਨ ਸਦਕਾ ਵਿਭਾਗ ਇਸ ਜ਼ਮੀਨ ਦਾ ਕਬਜ਼ਾ ਨਹੀਂ ਲੈ ਸਕਿਆ ਹੈ।
ਉਨ੍ਹਾਂ ਦੱਸਿਆ ਕਿ ਵਾਰੰਟ ਕਬਜ਼ੇ ਸਬੰਧੀ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਗਾਊਂ ਜਾਣਕਾਰੀ ਦੇਣ ਦੀ ਥਾਂ ਮਹਿਜ਼ ਚਾਰ ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਪਟਿਆਲਾ ਤੋਂ ਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਕਬਜ਼ੇ ਦੀ ਇਤਲਾਹ ਹਫਤਾ ਅਗਾਊਂ ਦਿੱਤੀ ਜਾਵੇ। ਉਨ੍ਹਾਂ ਕਿਹਾ ਉਹ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਬੋਲੀ ਦੀ ਸਾਰੀ ਰਕਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਕੁੱਲ ਅਦਾਇਗੀ 13.51 ਦੀ ਸੀ, ਜਿਸ ਵਿਚੋਂ 6.80 ਲੱਖ ਰੁਪਏ ਇੱਕ ਅਤੇ 6਼71 ਲੱਖ ਦਾ ਚੈੱਕ ਦੇ ਚੁੱਕੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਿਭਾਗ ਦਾ ਕੋਈ ਹੋਰ ਪੈਸਾ ਉਨ੍ਹਾਂ ਵੱਲ ਨਿਕਲਦਾ ਹੈ ਤਾਂ ਉਹ ਵੀ ਅਦਾ ਕਰਨ ਲਈ ਤਿਆਰ ਹਨ।
ਦੂਸਰੇ ਪਾਸੇ ਕਬਜ਼ੇ ਦੇ ਵਿਰੋਧ ਵਿਚ ਆਏ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ, ਕਰਨੈਲ ਸਿੰਘ ਗਨੌਟਾ, ਰਾਮਚੰਦ ਸਿੰਘ ਚੋਟੀਆਂ, ਦਰਸ਼ਨ ਸਿੰਘ ਸੰਗਤਪੁਰਾ, ਸਰਬਜੀਤ ਸ਼ਰਮਾ, ਹਰਸੇਵਕ ਸਿੰਘ ਲਹਿਲ ਖੁਰਦ, ਗੁਰਜੰਟ ਸਿੰਘ ਸੰਗਤਪੁਰਾ, ਰਾਮ ਸਿੰਘ ਨੰਗਲਾ, ਸਵਰਾਜ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਬੀਕੇਯੂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਘਰ ਉੱਪਰ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ। ਉਨ੍ਹਾਂ ਦੱਸਿਆ ਕਿ ਕਿਸਾਨ ਨੇ ਇਹ ਜ਼ਮੀਨ ਵਿਭਾਗ ਤੋਂ 1998 ਵਿਚ ਸਭ ਤੋਂ ਉੱਚੀ ਬੋਲੀ ਦੇ ਕੇ ਖਰੀਦੀ ਹੈ ਪ੍ਰੰਤੂ ਖਰੀਦਦਾਰ ਵੱਲੋਂ ਵਾਰ ਵਾਰ ਬੇਨਤੀ ਕਰਨ ਅਤੇ ਪੈਸੇ ਭਰਨ ਦੇ ਬਾਵਜੂਦ ਵੀ ਵਿਭਾਗ ਨੇ ਕਿਸਾਨ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਨਿਲਾਮੀ ਦੀਆਂ ਸ਼ਰਤਾਂ ਅਨੁਸਾਰ ਸਮਾਨ ਵੀ ਪੂਰਾ ਨਹੀਂ ਦਿੱਤਾ ਹੈ ਸਗੋਂ ਆਨਾ ਬਹਾਨਾ ਬਣਾਕੇ ਜ਼ਮੀਨ ਹਥਿਆਉਣ ਲਈ ਵਾਰ ਵਾਰ ਵਾਰੰਟ ਕਬਜ਼ਾ ਲੈਕੇ ਕਿਸਾਨ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।