ਕਰਮਜੀਤ ਸਿੰਘ ਚਿੱਲਾ
ਬਨੂੜ, 20 ਨਵੰਬਰ
ਪੰਜਾਬ ਸਰਕਾਰ ਵੱਲੋਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ ਨੂੰ ਸਹੁੰ ਚੁਕਾਉਣ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਸਮਾਗਮ ਕੀਤੇ ਗਏ ਸਨ। ਬਨੂੜ ਖੇਤਰ ਦੇ 26 ਪਿੰਡਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਸਨੀਕ ਹੋਣ ਦੇ ਬਾਵਜੂਦ ਸਹੁੰ ਚੁੱਕਣ ਲਈ ਪਟਿਆਲਾ ਜਾਣਾ ਪਿਆ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਿਛਲੇ ਪੰਦਰਾਂ ਸਾਲਾਂ ਤੋਂ ਬਨੂੜ ਸ਼ਹਿਰ ਅਤੇ 28 ਪਿੰਡਾਂ ਦੇ ਵਸਨੀਕਾਂ ਨਾਲ ਅਜਿਹਾ ਹੀ ਹੋ ਰਿਹਾ ਹੈ।
ਬਨੂੜ ਸ਼ਹਿਰ ਅਤੇ 28 ਪਿੰਡਾਂ ਨੂੰ 29-12-2009 ਨੂੰ ਪਟਿਆਲਾ ਜ਼ਿਲ੍ਹੇ ਨਾਲੋਂ ਤੋੜ ਕੇ ਮੁਹਾਲੀ ਜ਼ਿਲ੍ਹੇ ਨਾਲ ਜੋੜਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਬਨੂੜ ਨੂੰ ਸਬ-ਤਹਿਸੀਲ ਬਣਾ ਕੇ ਇਨ੍ਹਾਂ ਪਿੰਡਾਂ ਨੂੰ ਸਬ-ਤਹਿਸੀਲ ਨਾਲ ਜੋੜਿਆ ਗਿਆ ਸੀ। ਸਬ-ਤਹਿਸੀਲ ਬਨੂੜ ਨੂੰ ਮੁਹਾਲੀ ਜ਼ਿਲ੍ਹੇ ਨਾਲ ਜੋੜਿਆ ਗਿਆ ਹੈ। ਜ਼ਿਆਦਾਤਰ ਵਿਭਾਗਾਂ ਨੂੰ ਵੀ ਨਾਲੋ-ਨਾਲ ਮੁਹਾਲੀ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਪਰ ਪੰਚਾਇਤ ਅਤੇ ਪੁਲੀਸ ਵਿਭਾਗ ਪੰਦਰਾਂ ਸਾਲਾਂ ਤੋਂ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੇ ਹਨ।
ਇਨ੍ਹਾਂ ਪਿੰਡਾਂ ਵਿੱਚੋਂ ਦੋ ਪਿੰਡ ਹੰਸਾਲਾ ਅਤੇ ਰਾਜੋਮਾਜਰਾ ਡੇਰਾਬੱਸੀ ਬਲਾਕ ਵਿੱਚ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਪੰਚਾਂ ਨੂੰ ਮੁਹਾਲੀ ਸਹੁੰ ਚੁਕਾਈ ਗਈ। ਬਾਕੀ ਰਹਿੰਦੇ 26 ਪਿੰਡਾਂ ਦੇ ਪੰਚਾਂ ਨੂੰ ਸਹੁੰ ਚੁੱਕਣ ਲਈ ਪਟਿਆਲਾ ਜਾਣਾ ਪਿਆ।
ਬਨੂੜ ਨੂੰ ਬਲਾਕ ਬਣਾ ਕੇ ਮੁਹਾਲੀ ਨਾਲ ਜੋੜਨ ਦੀ ਮੰਗ
ਮਾਰਕੀਟ ਕਮੇਟੀ ਬਨੂੜ ਦੇ ਸਾਬਕਾ ਚੇਅਰਮੈਨ ਸਾਧੂ ਸਿੰਘ ਖਲੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਨੂੜ ਨੂੰ ਨਵਾਂ ਬਲਾਕ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕੁੱਝ ਪਿੰਡ ਮੁਹਾਲੀ ਅਤੇ ਕੁੱਝ ਪਿੰਡ ਡੇਰਾਬਸੀ ਬਲਾਕ ਦੇ ਜੋੜੇ ਜਾ ਸਕਦੇ ਹਨ ਤੇ ਇਹ ਦੋਵੇਂ ਬਲਾਕ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਹਨ।