ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਨੰਬਰ-7 ਵਿੱਚ ਲੰਘੇ ਦਿਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਰਹਿਣ ਵਾਲੇ ਵਿਕਾਸ ਦੀ ਮੌਤ ਹੋਈ ਗਈ ਸੀ। ਚੰਡੀਗੜ੍ਹ ਪੁਲੀਸ ਨੇ ਦੱਸਿਆ ਕਿ ਉਸ ਦੀ ਮੌਤ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਲੈਣ ਕਾਰਨ ਹੋਈ ਸੀ। ਪੁਲੀਸ ਨੇ ਉਸ ਸਮੇਂ ਕਮਰੇ ਵਿੱਚ ਮੌਜੂਦ ਦੋ ਹੋਰਨਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸੈਕਟਰ-11 ਦੀ ਪੁਲੀਸ ਵੱਲੋਂ ਆਰਿਅਨ ਪ੍ਰਭਾਤ ਵਾਸੀ ਕੁੱਲੂ ਤੇ ਪਰੀਕਸ਼ਿਤ ਕੌਸ਼ਲ ਵਾਸੀ ਸ਼ਿਮਲਾ ਨੂੰ ਗ੍ਰਿਫ਼ਤ ’ਚ ਲਿਆ ਗਿਆ ਹੈ।
ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨਾਂ ਨੌਜਵਾਨਾਂ ਨੇ ਹੋਸਟਲ ਨੰਬਰ-7 ਦੇ ਕਮਰਾ ਨੰਬਰ-93 ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ। ਇਸ ਦੌਰਾਨ ਵਿਕਾਸ ਨੇ ਓਵਰਡੋਜ਼ ਲੈ ਲਈ ਜਿਸ ਕਰ ਕੇ ਉਸ ਦੀ ਸਿਹਤ ਖ਼ਰਾਬ ਹੋ ਗਈ। ਉਸ ਨੂੰ ਤੁਰੰਤ ਉਸ ਦੇ ਦੋਸਤਾਂ ਨੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਵਿਕਾਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਸੈਕਟਰ-11 ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਕਮਰੇ ਵਿੱਚ ਮੌਜੂਦ ਦੋਵਾਂ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
’ਵਰਸਿਟੀ ਦੇ ਹੋਸਟਲ ਵਿੱਚ ਵਾਪਰੀ ਅਜਿਹੀ ਘਟਨਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਘਟਨਾ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਬੰਧਕਾਂ ਨੇ ਵੀ ਸਖ਼ਤੀ ਕਰ ਦਿੱਤੀ ਹੈ। ਪਰ ਥਾਣਾ ਸੈਕਟਰ-11 ਦੀ ਪੁਲੀਸ ਵੱਲੋਂ ਘਟਨਾ ਤੋਂ ਬਾਅਦ ਹੋਸਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਵੀ ਪੁਲੀਸ ਪੁੱਛ-ਪੜਤਾਲ ਵਿੱਚ ਜੁੱਟੀ ਹੋਈ ਹੈ।