ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਨਵੰਬਰ
ਖੇਡਾਂ ਵਤਨ ਪੰਜਾਬ ਦੀਆਂ ਅਧੀਨ ਲੈਮਰੀਨ ਟੈੱਕ ਸਕਿਲ ਯੂਨੀਵਰਸਿਟੀ ਬਲਾਚੌਰ ਵਿੱਚ ਹੋਏ ਪੰਜਾਬ ਪੱਧਰੀ ਬਾਕਸਿੰਗ ਮੁਕਾਬਲਿਆਂ ’ਚ ਪਰਵਾਸੀ ਪੰਜਾਬੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਪੰਜਾਬ ਸਪੋਰਟਸ ਅਕੈਡਮੀ ਦੀਆਂ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿੰਡ ਚਕਰ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਅਕੈਡਮੀ ਦੇ ਪ੍ਰਧਾਨ ਜਸਕਿਰਨਪ੍ਰੀਤ ਸਿੰਘ ਜਿਮੀ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਚਕਰ ਦੀਆਂ ਛੇ ਮੁੱਕੇਬਾਜ਼ਾਂ ਨੇ ਵੱਖ ਵੱਖ ਤਗ਼ਮੇ ਜਿੱਤੇ ਹਨ। ਵੱਖ ਵੱਖ ਵਰਗਾਂ ’ਚ ਹੋਏ ਮੁਕਾਬਲਿਆਂ ’ਚੋਂ 21-30 ਸਾਲ ਵਰਗ ’ਚ 45-48 ਕਿਲੋਗ੍ਰਾਮ ਭਾਰ ਵਰਗ ’ਚ ਮਨਦੀਪ ਕੌਰ ਚਕਰ ਤੇ 60-63 ਕਿਲੋਗ੍ਰਾਮ ਭਾਰ ਵਰਗ ’ਚ ਮਨਦੀਪ ਕੌਰ ਸੰਧੂ ਨੇ ਸੋਨੇ ਦੇ ਤਗ਼ਮੇ ਜਿੱਤੇ ਹਨ। 63-67 ਕਿਲੋਗ੍ਰਾਮ ਭਾਰ ਵਰਗ ’ਚ ਹਰਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਡਰ-17 ਵਰਗ ’ਚ 57-60 ਕਿਲੋਗ੍ਰਾਮ ਭਾਰ ਵਰਗ ’ਚ ਸਿਮਰਨਜੀਤ ਕੌਰ ਨੇ ਸੋਨੇ ਦਾ ਤਗ਼ਮਾ ਜਿੱਤਿਆ। ਅੰਡਰ-14 ਵਰਗ ’ਚ 42-44 ਕਿਲੋਗ੍ਰਾਮ ਭਾਰ ਵਰਗ ’ਚ ਗੁਰਲੀਨ ਕੌਰ ਅਤੇ 36-38 ਕਿਲੋਗ੍ਰਾਮ ਭਾਰ ਵਰਗ ’ਚ ਸੁਖਬੀਰ ਕੌਰ ਨੇ ਚਾਂਦੀ ਦੇ ਤਗ਼ਮੇ ਜਿੱਤੇ।