ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਨਵੰਬਰ
ਸੀਆਈਏ ਸਟਾਫ਼ ਅਤੇ ਨਿਹਾਲ ਸਿੰਘ ਵਾਲਾ ਪੁਲੀਸ ਨੇ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਗੈਂਗਸਟਰ ਵੱਲੋਂ ਆਪਣੇ ਪੁਰਾਣੇ ਸਾਥੀ ਦੇ ਘਰ ਉੱਤੇ ਗੋਲੀਆਂ ਚਲਾਉਣ ਦਾ ਖੁਲਾਸਾ ਕੀਤਾ ਹੈ। ਡਾ. ਬਾਲ ਕ੍ਰਿਸ਼ਨ ਸਿੰਗਲਾ ਐੱਸਪੀ (ਆਈ) ਨੇ ਦੱਸਿਆ ਕਿ 13 ਨਵੰਬਰ ਨੂੰ ਪਿੰਡ ਮਾਣੂੰਕੇ ਵਿੱਚ ਮੇਜਰ ਸਿੰਘ ਉਰਫ ਮੰਨਾ ਦੇ ਘਰ ’ਤੇ ਗੋਲੀਆਂ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਜਸਪਾਲ ਸਿੰਘ ਉਰਫ ਜੱਸਾ ਨੇ ਚਲਵਾਈਆਂ ਸਨ। ਇਸ ਸਬੰਧੀ ਦੋ ਮੁਲਜ਼ਮਾਂ ਵਿਨੈ ਸਹੋਤਾ ਉਰਫ ਵਿਨੈ ਵਾਸੀ ਬਗਦਾਦੀ ਗੇਟ ਫਿਰੋਜ਼ਪੁਰ ਸਿਟੀ ਅਤੇ ਜਤਿੰਦਰ ਸਿੰਘ ਉਰਫ ਅਰਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ ਪੜਤਾਲ ਵਿੱਚ ਮੰਨਿਆ ਕਿ ਉਨ੍ਹਾਂ ਇਹ ਵਾਰਦਾਤ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਜਸਪਾਲ ਸਿੰਘ ਉਰਫ ਜੱਸਾ ਦੇ ਕਹਿਣ ’ਤੇ ਕੀਤੀ ਸੀ। ਮੁਲਜ਼ਮਾਂ ਨੇ ਇੰਕਸਾਫ਼ ਕੀਤਾ ਕਿ ਵਾਰਦਾਤ ਵਿੱਚ ਵਰਤਿਆ ਦੇਸੀ ਪਿਸਤੌਲ, ਰੌਂਦ ਅਤੇ ਮੋਟਰਸਾਈਕਲ ਵੀ ਜੱਸਾ ਨੇ ਮੁਹੱਈਆ ਕਰਵਾਇਆ ਸੀ।