ਰਮੇਸ਼ ਭਾਰਦਵਾਜ
ਲਹਿਰਾਗਾਗਾ, 20 ਨਵੰਬਰ
ਨੇੜਲੇ ਪਿੰਡ ਸੰਗਤਪੁਰਾ ਵਿੱਚ ਨਹਿਰੀ ਵਿਭਾਗ ਵੱਲੋਂ ਸੰਨ 1998 ਵਿਚ ਨਿਲਾਮ ਕੀਤੇ ਨਹਿਰੀ ਕੋਠੀ ਵਾਲੇ ਰਕਬੇ ਦਾ ਮੁੜ ਤੋਂ ਕਬਜ਼ਾ ਕਰਨ ਲਈ ਵਿਭਾਗ ਨੇ ਵਾਰ ਵਾਰ ਕਬਜ਼ਾ ਵਾਰੰਟ ਲੈ ਕੇ ਰਕਬੇ ਦੇ ਖਰੀਦਦਾਰ ਨੂੰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਇਸ ਥਾਂ ਦੇ ਖ਼ਰੀਦਦਾਰ ਦੀਪਇੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦਾ ਵਾਰੰਟ ਕਬਜ਼ਾ ਪਹਿਲੀ ਦਫ਼ਾ ਨਹੀਂ ਸਗੋਂ ਵਿਭਾਗ ਵੱਲੋਂ ਪਹਿਲਾਂ ਵੀ 14-15 ਵਾਰ ਵਾਰੰਟ ਕਬਜ਼ਾ ਲੈ ਕੇ ਉਨ੍ਹਾਂ ਤੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬੀਕੇਯੂ ਏਕਤਾ ਉਗਰਾਹਾਂ ਦੇ ਵਿਰੋਧ ਸਦਕਾ ਵਿਭਾਗ ਇਸ ਜ਼ਮੀਨ ਦਾ ਕਬਜ਼ਾ ਨਹੀਂ ਲੈ ਸਕਿਆ ਹੈ। ਆਗੂਆਂ ਨੇ ਆਖਿਆ ਕਿ ਜਥੇਬੰਦੀ ਦੇ ਵਿਰੋਧ ਨੂੰ ਦੇਖਦਿਆਂ ਅੱਜ ਪ੍ਰਸ਼ਾਸਨ ਕਬਜ਼ੇ ਵਾਲੀ ਥਾਂ ਕਬਜ਼ਾ ਲੈਣ ਲਈ ਨਹੀਂ ਆਇਆ।
ਦੀਪਇੰਦਰਪਾਲ ਸਿੰਘ ਨੇ ਕਿਹਾ ਕਿ ਵਿਭਾਗ ਜ਼ਮੀਨ ਹਥਿਆਉਣ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ। ਕਈ ਦਫ਼ਾ ਲਾਮ ਲਸ਼ਕਰ ਲੈ ਕੇ ਵਿਭਾਗ ਕਬਜ਼ਾ ਕਰਨ ਲਈ ਆਇਆ ਪਰ ਉਕਤ ਜਥੇਬੰਦੀ ਕਰਕੇ ਹਾਲੇ ਤੱਕ ਸਾਡੀ ਜ਼ਮੀਨ ਬਚੀ ਹੋਈ ਹੈ। ਉਨ੍ਹਾਂ ਕਿਹਾ ਕਿ ਵਾਰੰਟ ਕਬਜ਼ੇ ਸਬੰਧੀ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਗਾਊਂ ਜਾਣਕਾਰੀ ਦੇਣ ਦੀ ਥਾਂ ਮਹਿਜ਼ ਚਾਰ ਘੰਟੇ ਪਹਿਲਾਂ ਇਤਲਾਹ ਦਿੱਤੀ ਜਾਂਦੀ ਹੈ ਅਤੇ ਜਦੋਂ ਕਿ ਉਨ੍ਹਾਂ ਪਟਿਆਲਾ ਤੋਂ ਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਕਬਜ਼ੇ ਦੀ ਇਤਲਾਹ ਇੱਕ ਹਫ਼ਤਾ ਅਗਾਊਂ ਦਿੱਤੀ ਜਾਵੇ। ਦੀਪਇੰਦਰਪਾਲ ਨੇ ਕਿਹਾ, ‘‘ਜਦੋਂਕਿ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਬੋਲੀ ਦੀ ਸਾਰੀ ਰਕਮ ਅਸੀਂ ਦੇ ਚੁੱਕੇ ਹਾਂ। ਜ਼ਮੀਨ ਦੀ ਕੁੱਲ ਅਦਾਇਗੀ 13.51 ਲੱਖ ਦੀ ਸੀ, ਜਿਸ ਵਿਚੋਂ 6.80 ਲੱਖ ਰੁਪਏ ਇੱਕ ਅਤੇ 671 ਲੱਖ ਦਾ ਚੈੱਕ ਦੇ ਚੁੱਕੇ ਹਾਂ। ਜੇਕਰ ਵਿਭਾਗ ਦਾ ਸਾਡੇ ਵੱਲ ਕੋਈ ਬਕਾਇਆ ਹੈ ਤਾਂ ਅਸੀਂ ਉਹ ਦੇਣ ਲਈ ਤਿਆਰ ਹਾਂ।’’
ਕਬਜ਼ੇ ਦੇ ਵਿਰੋਧ ਵਿੱਚ ਆਏ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ ਆਦਿ ਆਗੂਆਂ ਨੇ ਦੱਸਿਆ ਕਿ ਬੀਕੇਯੂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਘਰ ਉੱਪਰ ਸਰਕਾਰ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ। ਖਰੀਦਦਾਰ ਵੱਲੋਂ ਵਾਰ ਵਾਰ ਬੇਨਤੀ ਕਰਨ ਤੇ ਪੈਸੇ ਭਰਨ ਦੇ ਬਾਵਜੂਦ ਵੀ ਵਿਭਾਗ ਨੇ ਕਿਸਾਨ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਨਿਲਾਮੀ ਦੀ ਸ਼ਰਤਾਂ ਅਨੁਸਾਰ ਸਾਮਾਨ ਵੀ ਪੂਰਾ ਨਹੀਂ ਦਿੱਤਾ ਸਗੋਂ ਬਹਾਨੇ ਬਣਾ ਕੇ ਜ਼ਮੀਨ ਹਥਿਆਉਣ ਲਈ ਵਾਰੰਟ ਕਬਜ਼ੇ ਰਾਹੀਂ ਕਿਸਾਨ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਮੇਰਾ ਤਬਾਦਲਾ ਹੋ ਚੁੱਕਾ ਹੈ: ਐੱਸਡੀਓ
ਇਸ ਮਾਮਲੇ ਬਾਰੇ ਗੱਲ ਕਰਨ ’ਤੇ ਨਹਿਰੀ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੁਝ ਦਿਨ ਪਹਿਲਾਂ ਤਬਾਦਲਾ ਹੋ ਚੁੱਕਾ ਹੈ। ਤੁਸੀਂ ਪੁਲੀਸ ਤੋਂ ਪੁਛ ਲਵੋ। ਸੰਪਰਕ ਕਰਨ ’ਤੇ ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉੱਧਰ ਜ਼ਮੀਨ ਖਰੀਦ ਕਰਨ ਵਾਲੇ ਦੇ ਭਰਾ ਗੁਰਜੰਟ ਸਿੰਘ ਨੇ ਉਨ੍ਹਾਂ ਨੂੰ ਲੰਘੇ ਦਿਨ ਕਾਨੂੰਨਗੋ ਨੇ ਬੋਲੀ ਬਾਰੇ ਜਾਣਕਾਰੀ ਦਿੱਤੀ ਸੀ ਪਰ ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਦਾ ਕਹਿਣਾ ਹੈ ਉਨ੍ਹਾਂ ਨੇ ਜਥੇਬੰਦੀ ਸੰਵਿਧਾਨ ਅਨੁਸਾਰ ਬੋਲੀ ਖ਼ਿਲਾਫ਼ ਧਰਨਾ ਦਿੱਤਾ ਸੀ ਕਿਉਂਕਿ ਸਬੰਧਤ ਧਿਰ ਨੂੰ ਲਿਖਤੀ ਨੋਟਿਸ ਦਿੱਤਾ ਮਿਲਿਆ ਸੀ।