ਪਰਾਲੀ ਪ੍ਰਬੰਧਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਨਵੰਬਰ
ਪਿੰਡ ਸੇਖਾ ਕਲਾਂ ਵਿੱਚ ਰੋਹ ’ਚ ਆਏ ਕਿਸਾਨਾਂ ਨੇ ਪਰਾਲੀ ਦੀ ਅੱਗ ਬੁਝਾਉਣ ਗਏ ਸਹਿਕਾਰੀ ਵਿਭਾਗ ਦੇ ਇੰਸਪੈਕਟਰ-ਕਮ-ਕਲੱਸਟਰ ਅਫ਼ਸਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ’ਚ ਘਿਰਾਓ ਦੀ ਇਹ ਦੂਜੀ ਘਟਨਾ ਵਾਪਰੀ ਹੈ ਜਿਸ ਤੋਂ ਅਧਿਕਰੀ ਖੌਫ਼ਜ਼ਦਾ ਹਨ। ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਤੌਰ ਕਲੱਸਟਰ ਅਫ਼ਸਰ ਖੇਤਰ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਸੇਖਾ ਕਲਾਂ ਵਿੱਚ ਅੱਗ ਦੇ ਗੁਬਾਰ ਨਿਕਲ ਰਹੇ ਸਨ ਤਾਂ ਉਨ੍ਹਾਂ ਅੱਗ ਬੁਝਾਉਣ ਦੀ ਚਾਰਾਜੋਈ ਸ਼ੁਰੂ ਕੀਤੀ ਤਾਂ ਇਸ ਮੌਕੇ ਰੋਹ ’ਚ ਆਏ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਕਰ ਲਿਆ ਅਤੇ ਉਸ ਦੀ ਗੱਡੀ ਵੀ ਸਾੜਨ ਦੀ ਧਮਕੀ ਦਿੱਤੀ। ਉਨ੍ਹਾਂ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਤਾਂ ਏਡੀਸੀ ਚਾਰੂਮਿੱਤਾ ਤੇ ਹੋਰ ਅਧਿਕਾਰੀਆਂ ਸਮੇਤ ਪੁਲੀਸ ਅਫ਼ਸਰ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੇ ਕਿਸਾਨਾਂ ਨੂੰ ਆਖਿਆ ਕਿ ਪ੍ਰਸ਼ਾਸਨ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਜੇ ਕੋਈ ਕਾਨੂੰਨੀ ਕੰਮ ਵਿੱਚ ਅੜਿੱਕਾ ਬਣੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਪ੍ਰਸ਼ਾਸਨ ਦੀ ਨਰਮੀ ਕਾਰਨ ਟਕਰਾਅ ਟਲ ਗਿਆ। ਥਾਣਾ ਸਮਾਲਸਰ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕਿਸੇ ਕਾਰਵਾਈ ਲਈ ਉੱਚ ਅਧਿਕਾਰੀ ਦਾ ਹੁਕਮ ਜਾਂ ਕੋਈ ਸ਼ਿਕਾਇਤ ਨਹੀਂ ਮਿਲੀ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਨਿਹਾਲ ਸਿੰਘ ਵਾਲਾ ਖੇਤਰ ’ਦੇ ਪਿੰਡ ਰਾਮਾ ਵਿੱਚ ਪੁਲੀਸ ਅਧਿਕਾਰੀ ਨੂੰ ਕਿਸਾਨੀ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਕਰੀਬ ਡੇਢ ਘੰਟਾ ਘਿਰਾਓ ਖ਼ਤਮ ਕੀਤਾ ਗਿਆ। ਦੂਜੇ ਪਾਸੇ ਕਿਸਾਨਾਂ ਨੇ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਅਤੇ ਕਿਹਾ ਕਿ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਜੋ ਮਸ਼ੀਨਾਂ ਸਰਕਾਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਹ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ। ਉਨ੍ਹਾਂ ਨੂੰ ਪਰਾਲੀ ਇਕੱਠੀ ਕਰਨ ਲਈ ਬੇਲਰ ਨਹੀਂ ਮਿਲ ਰਹੇ ਜਿਥੇ ਬੇਲਰ ਮਿਲਿਆ ਅਤੇ ਉਸ ਨਾਲ ਬਣਾਈਆਂ ਗੱਠਾਂ ਨਹੀਂ ਚੁੱਕੀਆਂ ਗਈਆਂ। ਕਣਕ ਦੀ ਬਿਜਾਈ ਸਿਰ ਉੱਤੇ ਹੋਣ ਕਰਕੇ ਮਜਬੂਰੀਵੱਸ ਕਿਸਾਨਾਂ ਦਾ ਝੋਨੇ ਦੀ ਰਹਿੰਦ-ਖੂੰਹਦ ਸਾੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸੈਟੇਲਾਈਟ ਰਾਹੀਂ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਨਹੀਂ ਦਿਸਦੇ ਅਤੇ ਖੇਤਾਂ ਦੇ ਵਿੱਚ ਅੱਗ ਲੱਗੀ ਦਿਖਾਈ ਦਿੰਦੀ ਹੈ। ਇਸੇ ਦੌਰਾਨ ਪਿੰਡ ਸਿੰਘਾਂਵਾਲਾ ਵਿੱਚ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਣ ਆਈ ਪੁਲੀਸ ਟੀਮ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਪੁਲੀਸ ਅਧਿਕਾਰੀਆਂ ਨੂੰ ਕਈ ਘੰਟੇ ਘੇਰੀ ਰੱਖਿਆ। ਬੀਕੇਯੂ ਉਗਰਾਹਾਂ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਨੇ ਦੱਸਿਆ ਕਿ ਥਾਣਾ ਚੜਿੱਕ ਮੁਖੀ ਤੇ ਹੋਰ ਪੁਲੀਸ ਮੁਲਾਜ਼ਮ ਪਿੰਡ ਸਿੰਘਾਂਵਾਲਾ ਵਿਚ ਪਰਾਲੀ ਦੀ ਅੱਗ ਬਾਰੇ ਡਾਇਰੀ ਵਿੱਚ ਨੋਟ ਕਰ ਰਹੇ ਸਨ। ਇਹ ਕਾਰਵਾਈ ਕਿਸਾਨਾਂ ਖ਼ਿਲਾਫ਼ ਐੱਫ਼ਆਈਆਰ ਦਰਜ ਤੇ ਜੁਰਮਾਨਾ ਲੱਗਣ ਦੀ ਹੋਣ ਕਾਰਨ ਕਿਸਾਨ ਰੋਹ ਵਿਚ ਆ ਗਏ। ਕਿਸਾਨਾਂ ਦੀ ਪੁਲੀਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਹੋ ਗਈ। ਇਸ ਮੌਕੇ ਤਹਿਸੀਲਦਾਰ ਤੇ ਹੋਰ ਅਧਿਕਾਰੀ ਪੁੱਜੇ ਅਤੇ ਕਿਸਾਨਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਭਰੋਸੇ ਮਗਰੋਂ ਪੁਲੀਸ ਦੀ ਘੇਰਾਬੰਦੀ ਖ਼ਤਮ ਕੀਤੀ ਗਈ।
ਕਿਸਾਨਾਂ ਦੀ ਰਿਪੋਰਟ ਕਰਨ ਆਏ ਅਧਿਕਾਰੀਆਂ ਦਾ ਘਿਰਾਓ
ਚਾਉਕੇ (ਰਮਨਦੀਪ ਸਿੰਘ): ਪਿੰਡ ਜੇਠੂਕੇ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਰਿਪੋਰਟ ਕਰਨ ਲਈ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਘਿਰਾਓ ਕਰ ਲਿਆ। ਕਿਸਾਨ ਆਗੂ ਨਿੱਕਾ ਸਿੰਘ ਨੇ ਦੱਸਿਆ ਕਿ ਅਧਿਕਾਰੀ ਜਿਸ ਖੇਤ ਦੀ ਪਰਾਲੀ ਸਾੜਨ ਦੀ ਰਿਪੋਰਟ ਕਰਨ ਆਏ ਉਸ ਖੇਤ ਨੂੰ ਵਿੱਚ ਪਾਰਲੀ ਨੂੰ ਅੱਗ ਲਾਈ ਹੀ ਨਹੀਂ ਗਈ ਸੀ। ਜਦੋਂ ਇਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਾਰੇ ਪਿੰਡ ਦੇ ਕਿਸਾਨ ਵੱਡੀ ਗਿਣਤੀ ਪਹੁੰਚ ਗਏ ਅਤੇ ਕਿਸਾਨਾਂ ਨੇ ਅਧਿਕਾਰੀਆਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਦਾ ਘਿਰਾਓ ਕਰ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਧੱਕੇ ਨਾਲ ਹੀ ਕਿਸਾਨਾਂ ਉੱਪਰ ਜੁਰਮਾਨਾ ਵਸੂਲਣ ਵਾਲਾ ਰਾਹ ਖੋਲ੍ਹ ਰਹੀ ਹੈ ਪਰ ਜਥੇਬੰਦੀ ਕਿਸਾਨਾਂ ਨਾਲ ਧੱਕਾ ਕਿਸੇ ਵੀ ਹਾਲਤ ਵਿਚ ਬਾਦਸ਼ਾਹਤ ਨਹੀਂ ਕਰੇਗੀ। ਨਾਇਬ ਤਹਿਸੀਲਦਾਰ ਬੀਰਬਲ ਸਿੰਘ ਤੇ ਪੁਲੀਸ ਅਧਿਕਾਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਾਰਵਾਈ ਕਾਨੂੰਨ ਅਨੁਸਾਰ ਹੀ ਕੀਤੀ ਜਾਵੇਗੀ ਕਿਸੇ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ’ਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਘਿਰਾਓ ਸਮਾਪਤ ਕਰ ਦਿੱਤਾ।