ਪੱਤਰ ਪ੍ਰੇਰਕ
ਜਲੰਧਰ/ਫਿਲੌਰ, 20 ਨਵੰਬਰ
ਸਥਾਨਕ ਪੁਲੀਸ ਨੇ ਇੱਕ ਔਰਤ ਦੇ ਕਤਲ ਦੇ ਕੇਸ ਨੂੰ ਹੱਲ ਕਰਦਿਆਂ ਇੱਕ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦਾ ਸਾਥੀ ਫਰਾਰ ਹੈ। ਮਹਿਲਾ ਦੀ ਲਾਸ਼ ਬੀਤੇ ਦਿਨ ਛੱਪੜ ਕੋਲੋਂ ਮਿਲੀ ਸੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲੀਸ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਲਿਆਕਤ ਅਲੀ ਪੁੱਤਰ ਬਾਬੂਦੀਨ ਵਾਸੀ ਪਿੰਡ ਆਸ਼ਾਹੂਰ ਵੱਲੋਂ ਦਰਜ ਕੇਸ ਨੂੰ ਕੁੱਝ ਘੰਟਿਆਂ ਵਿੱਚ ਹੀ ਹੱਲ ਕਰ ਲਿਆ ਹੈ। ਲਿਆਕਤ ਅਲੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਸ਼ਕੂਰਾ ਦਵਾਈ ਲੈਣ ਲਈ ਬੰਗਾ ਗਈ ਸੀ ਪਰ ਘਰ ਵਾਪਸ ਨਹੀਂ ਆਈ। ਪੁਲੀਸ ਨੇ ਜਾਂਚ ਉਪਰੰਤ ਲਿਆਕਤ ਅਲੀ ਉਰਫ ਬੱਚੀ ਪੁੱਤਰ ਮੁਹੰਮਦ ਸਫੀ ਵਾਸੀ ਗੜਾ ਥਾਣਾ ਫਿਲੌਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ ਭਰਾ ਗਨੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਢਲੀ ਪੁੱਛ ਪੜਤਾਲ ਦੌਰਾਨ ਮੁਲਜ਼ਮ ਲਿਆਕਤ ਅਲੀ ਉਰਫ ਬੱਚੀ ਨੇ ਦੱਸਿਆ ਕਿ ਉਸ ਦੇ ਸ਼ਕੂਰਾ ਨਾਲ ਨਾਜਾਇਜ਼ ਸਬੰਧ ਸਨ। ਉਹ ਆਪਣੇ ਭਰਾ ਗਨੀ ਨਾਲ ਅੱਟਾ ਨਹਿਰ ਨੇੜੇ ਸ਼ਕੂਰਾ ਨੂੰ ਮਿਲਣ ਸੀ ਪਰ ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਲਿਆਕਤ ਅਲੀ ਨੇ ਸ਼ਕੂਰਾ ਦੀ ਚੁੰਨੀ ਨਾਲ ਉਸ ਦਾ ਗਲ੍ਹ ਘੁੱਟ ਕੇ ਮਾਰ ਦਿੱਤਾ ਅਤੇ ਭਰਾ ਦੀ ਮਦਦ ਨਾਲ ਲਾਸ਼ ਪਿੰਡ ਅੱਟਾ ਦੇ ਹੀ ਛੱਪੜ ਵਿੱਚ ਸੁੱਟ ਦਿੱਤੀ ਸੀ। ਉਸ ਨੇ ਸ਼ਕੂਰਾ ਦਾ ਅਤੇ ਆਪਣਾ ਮੋਬਾਈਲ ਫੋਨ ਤੋੜ ਦਿੱਤਾ ਸੀ। ਮੁਲਜ਼ਮ ਨੂੰ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ।