ਦਵਿੰਦਰ ਸਿੰਘ
ਯਮੁਨਾਨਗਰ, 20 ਨਵੰਬਰ
ਇੱਥੇ ਯਮੁਨਾਨਗਰ-ਕੁਰੂਕਸ਼ੇਤਰ ਰੋਡ ’ਤੇ ਪਿੰਡ ਜੁਬਲ ਨੇੜੇ ਮਹਿੰਦਰਾ ਪਿਕਅੱਪ ਅਤੇ ਸਵਰਾਜ ਮਾਜ਼ਦਾ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਡਰਾਈਵਰ ਦੀ ਮੌਤ ਹੋ ਗਈ ਜਦਕਿ ਦੂਜੇ ਵਾਹਨ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਜ਼ਖਮੀ ਡਰਾਈਵਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਟਰਾਂਸਪੋਰਟ ਮਾਲਕ ਅਤੇ ਸਵਰਾਜ ਮਾਜ਼ਦਾ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਡਰਾਈਵਰ ਦੀ ਪਛਾਣ ਸੁਸ਼ੀਲ ਕੁਮਾਰ (34) ਵਾਸੀ ਤੀਰਥਨਗਰ, ਬਾਡੀ ਮਾਜਰਾ ਵਜੋਂ ਹੋਈ ਹੈ।
ਸੁਸ਼ੀਲ ਦੇ ਪਿਤਾ ਵੀਰੂਰਾਮ ਅਤੇ ਭਰਾ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਸ਼ੀਲ ਪਿਛਲੇ 10-15 ਸਾਲਾਂ ਤੋਂ ਇੰਡਸਟਰੀਅਲ ਏਰੀਆ ਵਿੱਚ ਚਾਵਲਾ ਟਰਾਂਸਪੋਰਟ ਵਿੱਚ ਕੰਮ ਕਰਦਾ ਸੀ । ਕੱਲ੍ਹ ਵੀ ਉਹ ਟਰਾਂਸਪੋਰਟ ਦਾ ਸਾਮਾਨ ਲੈ ਕੇ ਮਹਿੰਦਰਾ ਪਿਕਅੱਪ ’ਤੇ ਕਰਨਾਲ ਗਿਆ ਸੀ । ਸ਼ਾਮ ਸਾਢੇ ਸੱਤ ਵਜੇ ਸੁਸ਼ੀਲ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ 10 ਵਜੇ ਤੱਕ ਘਰ ਆ ਜਾਵੇਗਾ। ਇਸ ਤੋਂ ਬਾਅਦ ਰਾਤ ਭਰ ਉਸ ਦਾ ਫੋਨ ਨਹੀਂ ਮਿਲਿਆ । ਅੱਜ ਸਵੇਰੇ 4.30 ਵਜੇ ਟਰਾਂਸਪੋਰਟ ਦੇ ਦੋ ਵਿਅਕਤੀ ਘਰ ਆਏ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਜਾਣ ਲਈ ਕਿਹਾ। ਜਦੋਂ ਉਹ ਟਰੌਮਾ ਸੈਂਟਰ ਪਹੁੰਚੇ ਤਾਂ ਲੜਕੇ ਦੀ ਲਾਸ਼ ਮੁਰਦਾਘਰ ਵਿੱਚ ਪਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਿੱਚ ਪੁਲੀਸ ਅਤੇ ਟਰਾਂਸਪੋਰਟ ਮਾਲਕ ਦੀ ਮਿਲੀਭੁਗਤ ਹੈ। ਟਰਾਂਸਪੋਰਟਰ ਨੇ ਆਪਣਾ ਸਾਮਾਨ ਤਾਂ ਕੱਢ ਲਿਆ ਪਰ ਉਨ੍ਹਾਂ ਦੇ ਪੁੱਤਰ ਨੂੰ ਉਥੋਂ ਬਾਹਰ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਸਾਰੀ ਰਾਤ ਨਾ ਤਾਂ ਮਾਲਕ ਨੇ ਸਾਨੂੰ ਫ਼ੋਨ ਕੀਤਾ ਅਤੇ ਨਾ ਹੀ ਪੁਲੀਸ ਨੇ ਕੋਈ ਸੂਚਨਾ ਦਿੱਤੀ । ਥਾਣਾ ਸਦਰ ਯਮੁਨਾਨਗਰ ਦੇ ਪੁਲੀਸ ਜਾਂਚ ਅਧਿਕਾਰੀ ਸੁਮੇਸ਼ਪਾਲ ਦਾ ਕਹਿਣਾ ਹੈ ਕਿ ਬੀਤੀ ਰਾਤ ਕਰੀਬ ਦਸ ਵਜੇ ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ। ਸੜਕ ’ਤੇ ਲੰਮਾ ਜਾਮ ਲੱਗ ਗਿਆ, ਦੋਵੇਂ ਪਾਸੇ ਵਾਹਨਾਂ ਨੂੰ ਸੜਕ ਤੋਂ ਹਟਾਉਣ ਵਿੱਚ ਸਮਾਂ ਲੱਗਾ, ਪਿੱਕਅੱਪ ਗੱਡੀ ਦਾ ਸਾਮਾਨ ਸੜਕ ’ਤੇ ਖਿੱਲਰਿਆ ਪਿਆ ਸੀ, ਲਾਸ਼ ਗੱਡੀ ਵਿੱਚ ਹੀ ਫਸ ਗਈ ਸੀ।
ਪੁਲੀਸ ਵੱਲੋਂ ਟਰਾਂਸਪੋਰਟ ਮਾਲਕ ਨੂੰ ਸੜਕ ’ਤੇ ਖਿੱਲਰੇ ਸਾਮਾਨ ਨੂੰ ਚੁੱਕਣ ਲਈ ਕਿਹਾ ਅਤੇ ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਸੁਸ਼ੀਲ ਦੀ ਲਾਸ਼ ਨੂੰ ਬਾਹਰ ਕੱਢ ਕੇ ਟਰਾਮਾ ਸੈਂਟਰ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ। ਫਿਲਹਾਲ ਪੁਲੀਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।