ਹਰਜੀਤ ਸਿੰਘ
ਜ਼ੀਰਕਪੁਰ, 26 ਮਈ
ਜ਼ੀਰਕਪੁਰ-ਪਟਿਆਲਾ ਮਾਰਗ ‘ਤੇ ਇੱਕ ਤੇਜ਼ ਰਫ਼ਤਾਰ ਟਰਾਲਾ ਡਰਾਈਵਰ ਵੱਲੋਂ ਅਚਾਨਕ ਬਰੇਕ ਮਾਰਨ ‘ਤੇ ਪਿੱਛੇ ਆ ਰਹੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਇਕ ਨੌਜਵਾਨ ਮੌਤ ਹੋ ਗਈ ਸੀ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਟਰੱਕ ਦੇ ਨੰਬਰ ਦੇ ਆਧਾਰ ‘ਤੇ ਫਰਾਰ ਹੋਏ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਨ ਕੁਮਾਰ ਵਾਸੀ ਪਿੰਡ ਧਰਮਗੜ੍ਹ ਥਾਣਾ ਬਨੂੜ ਨੇ ਦੱਸਿਆ ਕਿ ਉਹ ਅਤੇ ਉਸ ਦਾ ਵੱਡਾ ਭਰਾ ਵਿਜੈ ਕੁਮਾਰ (23) ਜ਼ੀਰਕਪੁਰ ਦੀ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੇ ਹਨ। ਉਨ੍ਹਾਂ ਦੋਵਾਂ ਦੀ ਰਾਤ ਦੀ ਡਿਊਟੀ ਚੱਲ ਰਹੀ ਹੈ। ਲੰਘੀ ਰਾਤ ਉਸ ਦਾ ਵੱਡਾ ਭਰਾ ਆਪਣੇ ਮੋਟਰਸਾਈਕਲ ‘ਤੇ ਦੋਸਤ ਮਨਿੰਦਰ ਸਿੰਘ ਵਾਸੀ ਪਿੰਡ ਧਰਮਗੜ੍ਹ ਨਾਲ ਡਿਊਟੀ ‘ਤੇ ਜਾ ਰਿਹਾ ਸੀ। ਮੋਟਰਸਾਈਕਲ ਨੂੰ ਮਨਿੰਦਰ ਸਿੰਘ ਚਲਾ ਰਿਹਾ ਸੀ। ਰਾਤ ਦੇ ਕਰੀਬ ਸਾਢੇ ਅੱਠ ਵਜੇ ਛੱਤ ਲਾਈਟ ਪੁਆਇੰਟ ਤੋਂ ਅੱਗੇ ਇੱਕ ਟਰਾਲੇ ਦੇ ਡਰਾਈਵਰ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਟਰਾਲੇ ਵਿੱਚ ਵੱਜਿਆ।
ਹਾਦਸੇ ਵਿੱਚ ਮਨਿੰਦਰ ਸਿੰਘ ਅਤੇ ਵਿਜੈ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਟਰਾਲੇ ਦਾ ਡਰਾਈਵਰ ਪਹਿਲਾਂ ਥੱਲੇ ਉਤਰ ਕੇ ਆਇਆ। ਉਸ ਨੇ ਆਪਣਾ ਨਾਮ ਬਿਕਰਮਜੀਤ ਸਿੰਘ ਵਾਸੀ ਨਵੀਂ ਬਾਗੜੀਆ ਜ਼ਿਲ੍ਹਾ ਗੁਰਦਾਸਪੁਰ ਦੱਸਿਆ ਅਤੇ ਦੋਵਾਂ ਦੀ ਗੰਭੀਰ ਹਾਲਤ ਦੇਖ ਕੇ ਮੌਕੇ ਤੋਂ ਖਿਸਕ ਗਿਆ। ਅਮਨ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਿਰ ਵਿੱਚ ਸੱਟ ਲੱਗੀ, ਜਦਕਿ ਮਨਿੰਦਰ ਦੀ ਲੱਤ ਟੁੱਟ ਗਈ ਅਤੇ ਹੋਰ ਵੀ ਗੁੱਝੀਆਂ ਸੱਟਾਂ ਲੱਗੀਆਂ।
ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਇਕ ਨਿੱਜੀ ਗੱਡੀ ਰਾਹੀਂ ਸੈਕਟਰ-32 ਚੰਡੀਗੜ੍ਹ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਕਰਨ ਮਗਰੋਂ ਉਸ ਦੇ ਭਰਾ ਵਿਜੈ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਟਰਾਲੇ ਦੇ ਡਰਾਈਵਰ ਬਿਕਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।