ਨਵੀਂ ਦਿੱਲੀ, 16 ਮਈ
ਦੱਖਣੀ ਦਿੱਲੀ ਦੇ ਪੁਸ਼ਪ ਵਿਹਾਰ ਖੇਤਰ ਸਥਿਤ ਅੰਮ੍ਰਿਤਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਵੇਰੇ ਈ-ਮੇਲ ਰਾਹੀਂ ਮਿਲੀ ਬੰਬ ਦੀ ਧਮਕੀ ਅਫ਼ਵਾਹ ਨਿਕਲੀ ਹੈ। ਜਾਣਕਾਰੀ ਅਨੁਸਾਰ ਸਕੂਲ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ‘ਤੇ ਪੁਲੀਸ ਵੱਲੋਂ ਬੰਬ ਨਸ਼ਟ ਕਰਨ ਵਾਲੇ ਦਸਤੇ ਨੂੰ ਮੌਕੇ ‘ਤੇ ਭੇਜਿਆ ਗਿਆ, ਪਰ ਉੱਥੇ ਜਾਂਚ ਕਰਨ ‘ਤੇ ਕੁਝ ਵੀ ਨਹੀਂ ਮਿਲਿਆ। ਇਸ ਦੌਰਾਨ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਤਾਇਨਾਤ ਕੀਤਾ ਗਿਆ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਬੰਬ ਦੀ ਧਮਕੀ ਮਗਰੋਂ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਸਕੂਲ ਅੱਗੇ ਇਕੱਠੇ ਹੋ ਗਏ ਸਨ, ਜਿਨ੍ਹਾਂ ਨੂੰ ਪੁਲੀਸ ਵੱਲੋਂ ਸ਼ਾਂਤ ਕੀਤਾ ਗਿਆ। ਇਕ ਸੀਨੀਅਰ ਪੁਲੀਸ ਅਧਿਕਾਰੀ ਅਨੁਸਾਰ ਧਮਕੀ ਮਿਲਣ ਤੋਂ ਬਾਅਦ ਅੰਮ੍ਰਿਤਾ ਸਕੂਲ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਇਸ ਦੀ ਇਮਾਰਤ ਦੀ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣੀ) ਚੰਦਨ ਚੌਧਰੀ ਨੇ ਕਿਹਾ ਕਿ ਅੱਜ ਸਵੇਰੇ 6.33 ਵਜੇ ਸਾਕੇਤ ਦੇ ਅੰਮ੍ਰਿਤਾ ਸਕੂਲ ਵਿੱਚ ਬੰਬ ਦੀ ਧਮਕੀ ਬਾਰੇ ਇੱਕ ਈਮੇਲ ਮਿਲੀ ਸੀ। ਜਿਸ ਮਗਰੋਂ ਬੰਬ ਨਸ਼ਟ ਕਰਨ ਵਾਲੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਟੀਮ ਨੇ ਸਕੂਲ ਦੀ ਡੂੰਘਾਈ ਨਾਲ ਜਾਂਚ ਕੀਤੀ, ਪਰ ਕੁਝ ਨਹੀਂ ਮਿਲਿਆ। ਸਕੂਲ ਦੇ ਇੱਕ ਅਧਿਆਪਕਾ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਮਾਪਿਆਂ ਨਾਲ ਘਰ ਭੇਜ ਦਿੱਤਾ ਹੈ। ਉਸ ਨੇ ਦੱਸਿਆ ਕਿ ਸਕੂਲ ਦੇ ਵਟਸਐਪ ਗਰੁੱਪ ‘ਚ ਬੱਚਿਆਂ ਨੂੰ ਜਲਦੀ ਤੋਂ ਜਲਦੀ ਘਰ ਲਿਜਾਣ ਦਾ ਸੁਨੇਹਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਮਾਪੇ ਸਕੂਲ ਪਹੁੰਚ ਗਏ ਸਨ। ਯੂਕੇਜੀ ਦੀ ਇਕ ਵਿਦਿਆਰਥਣ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8.30 ਵਜੇ ਦੇ ਕਰੀਬ ਵਟਸਐਪ ਗਰੁੱਪ ‘ਤੇ ਸੰਦੇਸ਼ ਮਿਲਿਆ, ਪਰ ਉਸ ਵਿੱਚ ਉਨ੍ਹਾਂ ਨੂੰ ਬੰਬ ਦੀ ਕਿਸੇ ਧਮਕੀ ਬਾਰੇ ਨਹੀਂ ਸੀ ਦੱਸਿਆ ਗਿਆ। ਸਕੂਲ ਪਹੁੰਚਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। -ਪੀਟੀਆਈ