ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਦਸੰਬਰ
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਗੁਰਦੁਆਰਾ ਗੁਰੁੂ ਸਿੰਘ ਸਭਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ| ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਦਵਿੰਦਰ ਸਿੰਘ ਏ.ਐੱਸ.ਆਈ., ਭਾਈ ਅੰਗਰੇਜ ਸਿੰਘ ਕੈਲੀਫੋਰਨੀਆ, ਭਾਈ ਤਰਲੋਕ ਸਿੰਘ ਦਿੱਲੀ, ਬੀਬੀ ਰਵਿੰਦਰ ਕੌਰ ਪਟਿਆਲਾ, ਭਾਈ ਪਰਮਜੀਤ ਸਿੰਘ ਖਾਲਸਾ ਆਨੰਦਪੁਰ ਸਾਹਿਬ ਵਾਲੇ, ਭਾਈ ਗੁਰਨਾਮ ਸਿੰਘ, ਭਾਈ ਦੀਦਾਰ ਸਿੰਘ ਦੇ ਜਥਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਕੀਰਤਨ ਅਤੇ ਗੁਰੂ ਇਤਿਹਾਸ ਬਾਰੇ ਜਾਣਕਾਰੀ ਦਿੱਤੀ|
ਹਰਮਨਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸਰਬੰਸਦਾਨੀ ਵੀ ਕਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਇਸ ਦੇਸ਼ ਦੀ ਖ਼ਾਤਰ, ਧਰਮ ਦੀ ਖ਼ਾਤਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ| ਇਸ ਦੁਨੀਆਂ ਵਿੱਚ ਅਜਿਹੀ ਕੋਈ ਹੋਰ ਮਿਸਾਲ ਨਹੀਂ ਹੋ ਸਕਦੀ, ਜਿਸ ਨੇ ਆਪਣੇ ਪਿਤਾ, ਮਾਤਾ ਅਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਵੀ ਹੱਸ ਕੇ ਕਿਹਾ ਕਿ ਇਹ ਕੀ ਹੋ ਗਿਆ, ਸਾਡੇ ਪੁੱਤਰ ਨਹੀਂ ਰਹੇ, ਪੂਰਾ ਖਾਲਸਾ ਪੰਥ ਜਿੰਦਾ ਹੈ। ਜ਼ੁਲਮ ਵਿਰੁੱਧ ਲੜ ਕੇ ਮਨੁੱਖਤਾ ਦੀ ਰੱਖਿਆ ਕੀਤੀ। ਸਟੇਜ ਦੀ ਸੇਵਾ ਦਲੀਪ ਸਿੰਘ ਸੇਠੀ ਨੇ ਨਿਭਾਈ।