ਮਿਹਰ ਸਿੰਘ
ਕੁਰਾਲੀ, 12 ਜੂਨ
ਨੇੜਲੇ ਪਿੰਡ ਕਾਲੇਵਾਲ ਦੇ ਐਜੂਸਟਾਰ ਆਦਰਸ਼ ਸਕੂਲ ਦੇ ਪ੍ਰਬੰਧਕਾਂ ਵੱਲੋਂ ਸਕੂਲ ਸਟਾਫ਼ ਦਾ ਸਰਵਿਸ ਰਿਕਾਰਡ ਮੁਹੱਈਆ ਨਾ ਕਰਵਾਏ ਜਾਣ ਅਤੇ ਪ੍ਰਿੰਸੀਪਲ ਦੇ ਵਿਵਹਾਰ ਨੂੰ ਲੈ ਕੇ ਅੱਜ ਸਕੂਲ ਵਿੱਚ ਕਾਫੀ ਹੰਗਾਮਾ ਹੋਇਆ। ਇਸ ਹੰਗਾਮੇ ਦੌਰਾਨ ਇੱਕ ਅਧਿਆਪਕ ਬੇਹੋਸ਼ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਮਾਮਲਾ ਵਿਗੜਦਾ ਦੇਖ ਕੇ ਪੁਲੀਸ ਨੂੰ ਮੌਕੇ ‘ਤੇ ਸੱਦਿਆ ਗਿਆ। ਦੋਵੇਂ ਧਿਰਾਂ ਨੇ ਪੁਲੀਸ ਕੋਲ ਸ਼ਿਕਾਇਤ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਦੀ ਭਾਈਵਾਲੀ ਨਾਲ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਦੇਖਰੇਖ ਹੇਠ ਚੱਲ ਰਹੇ ਆਦਰਸ਼ ਸਕੂਲ ਦੇ ਅਧਿਆਪਕਾਵਾਂ ਲਖਵੀਰ ਕੌਰ, ਅਮਰਿੰਦਰ ਕੌਰ, ਸੁਮਨ ਗੁਪਤਾ, ਕਮਲਜੀਤ ਕੌਰ, ਰੇਨੂ, ਨੀਤੂ ਸ਼ਰਮਾ, ਹਰਪ੍ਰੀਤ ਕੌਰ, ਮੋਨਾ ਬਾਂਸਲ, ਕੰਚਨ ਸ਼ਰਮਾ ਅਤੇ ਹੋਰਨਾਂ ਨੇ ਦੱਸਿਆ ਕਿ ਉਹ ਦਹਾਕਿਆਂ ਤੋਂ ਸਕੂਲ ਵਿੱਚ ਸੇਵਾ ਕਰ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਸਰਵਿਸ ਦਾ ਰਿਕਾਰਡ ਨਹੀਂ ਦਿੱਤਾ ਗਿਆ। ਸਰਵਿਸ ਬੁੱਕ ਤੇ ਰਿਕਾਰਡ ਹਾਸਲ ਕਰਨ ਲਈ ਉਹ ਅੱਜ ਪ੍ਰਿੰਸੀਪਲ ਨੂੰ ਮਿਲੇ ਪਰ ਪ੍ਰਿੰਸੀਪਲ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਅਤੇ ਕਥਿਤ ਤੌਰ ‘ਤੇ ਹੱਥੋਪਾਈ ‘ਤੇ ਉਤਰ ਆਏ। ਅਧਿਆਪਕਾਵਾਂ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਕਿਸੇ ਮੁੱਦੇ ਨੂੰ ਲੈ ਕੇ ਪ੍ਰਿੰਸੀਪਲ ਕੋਲ ਜਾਂਦੀਆਂ ਹਨ ਤਾਂ ਪ੍ਰਿੰਸੀਪਲ ਚੋਰੀ ਛੁਪੇ ਆਪਣੇ ਫੋਨ ਨਾਲ ਵੀਡੀਓ ਤੇ ਆਡੀਓ ਰਿਕਾਰਡਿੰਗ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਡੀਪੀਈ ਗੁਲਜ਼ਾਰ ਸਿੰਘ ਦੇ ਤਿਆਰ ਕੀਤੇ ਖਿਡਾਰੀ ਰਾਜ ਤੇ ਕੌਮੀ ਪੱਧਰ ਤੱਕ ਖੇਡ ਚੁੱਕੇ ਹਨ। ਉਨ੍ਹਾਂ ਨੇ ਆਪਣਾ ਰਿਕਾਰਡ ਖੁਦ ਤਿਆਰ ਕੀਤਾ ਹੋਇਆ ਸੀ ਜੋ ਕਿ ਕੁਝ ਸਮਾਂ ਪਹਿਲਾਂ ਪ੍ਰਿੰਸੀਪਲ ਨੇ ਬਹਾਨੇ ਨਾਲ ਉਨ੍ਹਾਂ ਤੋਂ ਲੈ ਲਿਆ। ਅੱਜ ਗੁਲਜ਼ਾਰ ਸਿੰਘ ਨੇ ਆਪਣਾ ਉਹ ਰਿਕਾਰਡ ਪ੍ਰਿੰਸੀਪਲ ਤੋਂ ਮੰਗਿਆ ਤਾਂ ਪ੍ਰਿੰਸੀਪਲ ਨੇ ਉਹ ਰਿਕਾਰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਆਪਣਾ ਖੁਦ ਤਿਆਰ ਕੀਤਾ ਰਿਕਾਰਡ ਖੁੱਸਣ ਦੇ ਡਰੋਂ ਗੁਲਜ਼ਾਰ ਸਿੰਘ ਦਫ਼ਤਰ ਅੱਗੇ ਧਰਨਾ ਲਗਾਉਣ ਲਈ ਦਫ਼ਤਰ ਵੱਲ ਵਧਣ ਲੱਗੇ। ਇਸ ਤੋਂ ਭੜਕ ਕੇ ਪ੍ਰਿੰਸੀਪਲ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਜਿਸ ਕਾਰਨ ਗੁਲਜ਼ਾਰ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਮੁਹਾਲੀ ਰੈਫ਼ਰ ਕਰ ਦਿੱਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ 6 ਅਪਰੈਲ 2022 ਨੂੰ ਤਤਕਾਲੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਸਕੂਲ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਤੇ ਹੋ ਰਹੇ ਧੱਕੇ ਸਬੰਧੀ ਸਿੱਖਿਆ ਮੰਤਰੀ ਨੂੰ ਜਾਣੂ ਕਰਵਾਇਆ ਸੀ। ਉਸ ਦੇ ਬਾਅਦ ਤੋਂ ਹੀ ਕੁਝ ਅਧਿਆਪਕਾਂ ਨਾਲ ਵਿਤਕਰਾ ਹੋਣ ਲੱਗ ਪਿਆ ਅਤੇ ਕੁਝ ਅਧਿਆਪਕਾਂ ਦੀ ਸਾਲਾਨਾ ਇੰਕਰੀਮੈਂਟ ਵੀ ਰੋਕ ਦਿੱਤੀ ਗਈ। ਸਕੂਲ ਵਿੱਚ ਹੋਏ ਹੰਗਾਮੇ ਅਤੇ ਵਿਗੜੇ ਹਾਲਾਤ ਦੇ ਮੱਦੇਨਜ਼ਰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲੀਸ ਪਾਰਟੀ ਨੇ ਦੋਵੇਂ ਧਿਰਾਂ ਨੂੰ ਥਾਣੇ ਸੱਦ ਲਿਆ। ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਿੰਸੀਪਲ ਨੇ ਦੋਸ਼ ਨਕਾਰੇ
ਸਕੂਲ ਦੇ ਪ੍ਰਿੰਸੀਪਲ ਅਮੀ ਚੰਦ ਨੇ ਅਧਿਆਪਕਾਂ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਆਪਣੇ ਕਾਰਜਕਾਲ ਦਾ ਸਰਵਿਸ ਰਿਕਾਰਡ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਸਟਾਫ਼ ਹੰਗਾਮਾ ਕਰ ਕੇ ਮਾਹੌਲ ਖਰਾਬ ਕਰ ਰਿਹਾ ਹੈ। ਉਨ੍ਹਾਂ ਸਟਾਫ਼ ਦੀ ਵੀਡੀਓ ਬਣਾਉਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਲਟਾ ਉਨ੍ਹਾਂ ਨਾਲ ਬਦਤਮੀਜ਼ੀ ਅਤੇ ਹੱਥੋਪਾਈ ਕੀਤੀ ਗਈ ਹੈ।