ਪੱਤਰ ਪ੍ਰੇਰਕ
ਮਾਨਸਾ, 11 ਜੂਨ
ਪੰਜਾਬ ਸਰਕਾਰ ਵੱਲੋਂ ਈਟੀਟੀ ਦੇ ਕੋਰਸ ਦੀ ਯੋਗਤਾ ਵਿੱਚ ਕੀਤੇ ਜਾ ਰਹੇ ਵਾਧੇ ਕਾਰਨ ਪੇਂਡੂ ਨੌਜਵਾਨਾਂ ਵਿੱਚ ਨਿਰਾਸ਼ਾ ਹੈ। ਸਰਕਾਰ ਵੱਲੋਂ ਬਾਰ੍ਹਵੀਂ ਦੀ ਥਾਂ ਗ੍ਰੈਜੂਏਸ਼ਨ ਦੀ ਡਿਗਰੀ ਲਾਜ਼ਮੀ ਕਰਨ ਤੋਂ ਵਿਦਿਆਰਥੀ ਜਥੇਬੰਦੀਆਂ ਸੰਘਰਸ਼ ਦੇ ਰੌਂਅ ‘ਚ ਹਨ। ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਚੁੱਪ-ਚੁਪੀਤੇ ਕੀਤਾ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਹਰਪਾਲ ਕੌਰ ਮਾਨਸਾ ਨੇ ਆਪਣੀ ਸਟੇਟ ਕਮੇਟੀ ਦੇ ਵਫ਼ਦ ਸਣੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕਰਦਿਆਂ ਮੰਗ ਕੀਤੀ ਕਿ ਇਹ ਸ਼ਰਤ ਨੂੰ ਤਰੁੰਤ ਹਟਾਇਆ ਜਾਵੇ। ਬੀਏ ਦੀ ਥਾਂ ਪਹਿਲਾਂ ਵਾਂਗ ਈਟੀਟੀ ਕੋਰਸ ਲਈ ਬਾਰ੍ਹਵੀਂ ਜਮਾਤ ਦੀ ਯੋਗਤਾ ਰੱਖੀ ਜਾਵੇ।
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਹ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਦੌਰਾਨ ਇਸ ਮਸਲੇ ਨੂੰ ਲੈਕੇ ਰੋਸ ਜ਼ਾਹਿਰ ਕਰਨਗੇ।
ਵਿਦਿਆਰਥੀ ਆਗੂ ਪ੍ਰਦੀਪ ਗੁਰੂ ਨੇ ਕਿਹਾ ਕਿ ਇਸ ਫ਼ੈਸਲੇ ਨੂੰ ਕਿਸੇ ਵੀ ਰੂਪ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਸਟੇਟ ਮੀਟਿੰਗ ਦੌਰਾਨ ਵਿਚਾਰਨਗੇ