ਪੱਤਰ ਪ੍ਰੇਰਕ
ਬਠਿੰਡਾ, 11 ਜੂਨ
ਸ਼ਹਿਰ ਦੇ ਸਮਾਜ ਸੇਵੀ ਪ੍ਰਦੀਪ ਕਾਲਾ ਦੀ ਬੁੱਧਵਾਰ ਰਾਤ ਨੂੰ ਕੀਤੀ ਕੁੱਟਮਾਰ ਤੋਂ ਬਾਅਦ ਬੀਤੇ ਦਿਨ ਉਸ ਨੇ ਜ਼ੇਰੇ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਮ ਤੋੜ ਦਿੱਤਾ ਸੀ। ਥਾਣਾ ਨੇਹੀਆਂ ਵਾਲਾ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੌਰਤਲਬ ਹੈ ਕਿ ਬੁੱਧਵਾਰ ਦੀ ਰਾਤ ਸਮਾਜ ਸੇਵੀ ਪ੍ਰਦੀਪ ਕੁਮਾਰ ਕਾਲਾ ਰਾਤ ਨੂੰ 9.30 ਵਜੇ ਦੇ ਕ਼ਰੀਬ ਆਪਣੀ ਐਕਟਿਵਾ ‘ਤੇ ਘਰ ਜਾ ਰਿਹਾ ਸੀ। ਇਸ ਦੌਰਾਨ ਮਾਲ ਰੋਡ ਉੱਪਰ ਦੋ ਗੱਡੀਆਂ ‘ਤੇ ਸਵਾਰ ਵਿੱਚ ਆਏ ਨੌਜਵਾਨਾਂ ਨੇ ਰਾਡਾਂ ਅਤੇ ਡੰਡਿਆਂ ਨਾਲ ਉਸ ‘ਤੇ ਹਮਲਾ ਕਰ ਦਿੱਤਾ ਸੀ। ਇਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਲੁਧਿਆਣਾ ਦੇ ਡੀਐੱਮਸੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।
ਥਾਣਾ ਨੇਹੀਆਂ ਵਾਲਾ ਦੀ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਸਮਾਜ ਸੇਵੀ ਪ੍ਰਦੀਪ ਕੁਮਾਰ ਕਾਲਾ ਪੁੱਤਰ ਵੇਦ ਪ੍ਰਕਾਸ਼ ਦੇ ਸਸਕਾਰ ਦੇ 24 ਘੰਟਿਆਂ ਬਾਅਦ ਇਸ ਹੱਤਿਆ ਮਾਮਲੇ ਵਿੱਚ ਕੇਸ ਨੰਬਰ 97 ਅਧੀਨ ਧਾਰਾ 308/323/ 341/506/148/ 149 ਜੁਰਮ ਵਿੱਚ 302 ਦਾ ਵਾਧਾ ਕਰਦੇ ਹੋਏ ਦੋ ਮੁਲਜ਼ਮਾਂ ਵਿੱਕੀ ਕੁਮਾਰ ਅਤੇ ਭੀਸ਼ਮ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਵਰਤੀ ਗਈ ਕਾਰ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਮੁਲਜ਼ਮਾਂ ਦਾ ਰਿਮਾਂਡ ਲੈਣ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਦੋਂਕਿ ਇਨ੍ਹਾਂ ਦੇ ਦੂਜੇ ਸਾਥੀਆਂ ਦੀ ਭਾਲ ਜਾਰੀ ਹੈ।