ਸ੍ਰੀਨਗਰ, 8 ਜੂਨ
ਇਥੇ ਵਿਸ਼ਵ ਭਾਰਤੀ ਹਾਇਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਕੂਲ ਮੈਨੇਜਮੈਂਟ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਅਬਾਇਆ(ਪੁਸ਼ਾਕ ‘ਤੇ ਪਾਉਣ ਵਾਲਾ ਲੰਬਾ ਚੋਗਾ) ਪਹਿਨਣ ਕਾਰਨ ਉਨ੍ਹਾਂ ਨੂੰ ਸਕੂਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੇ ਕਿਹਾ,” ਸਾਨੂੰ ਕਿਹਾ ਗਿਆ ਹੈ ਕਿ ਜੇ ਅਸੀਂ ਇਹ ਪਹਿਰਾਵਾ ਪਾਉਣਾ ਹੈ ਤਾਂ ਸਾਨੂੰ ਮਦਰੱਸੇ ਵਿੱਚ ਜਾਣਾ ਚਾਹੀਦਾ ਹੈ ਤੇ ਸਕੂਲ ਵਿੱਚ ਨਹੀਂ ਆਉਣਾ ਚਾਹੀਦਾ।” ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਅਸੀਂ ਅਬਾਇਆ ਪਾ ਕੇ ਉਨ੍ਹਾਂ ਦੇ ਸਕੂਲ ਦਾ ਮਾਹੌਲ ਖਰਾਬ ਕਰ ਰਹੀਆਂ ਹਾਂ। ਸਕੂਲ ਪ੍ਰਿੰਸੀਪਲ ਮੈਮਰੋਜ਼ ਸ਼ਫੀ ਨੇ ਕਿਹਾ ਕਿ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਕਿਹਾ ਸੀ ਕਿ ਉਹ ਘਰ ਤੋਂ ਸਕੂਲ ਦੇ ਰਸਤੇ ਤੱਕ ਅਬਾਇਆ ਪਾ ਸਕਦੀਆਂ ਹਨ ਪਰ ਸਕੂਲ ਵਿੱਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੂੰ ਇਹ ਪਹਿਰਾਵਾ ਉਤਾਰਨਾ ਪਵੇਗਾ। ਵਿਦਿਆਰਥਣਾਂ ਰੰਗ-ਬਿਰੰਗੇ ਡਿਜ਼ਾਇਨ ਵਾਲੇ ਅਬਾਇਆ ਪਾ ਕੇ ਆ ਜਾਂਦੀਆਂ ਹਨ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਅਨੁਸ਼ਾਸਨ ਦਾ ਪਾਲਣ ਕਰਨ ਲਈ ‘ਡ੍ਰੈੱਸ ਕੋਡ’ ਹੀ ਪਾ ਕੇ ਆਉਣਾ ਚਾਹੀਦਾ ਹੈ। ਨੈਸ਼ਨਲ ਕਾਨਫਰੰਸ ਦੇ ਮੁੱਖ ਬੁਲਾਰੇ ਤਨਵੀਰ ਸਾਦਿਕ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਮੁਸਲਿਮ ਭਾਈਚਾਰੇ ਨਾਲ ਅਜਿਹੀਆਂ ਘਟਨਾਵਾਂ ਵਾਪਰਨਾ ਮੰਦਭਾਗਾ ਹੈ। ਸਾਦਿਕ ਨੇ ਟਵੀਟ ਕੀਤਾ,” ਹਿਜਾਬ ਪਾਉਣਾ ਨਿੱਜਤਾ ‘ਤੇ ਨਿਰਭਰ ਹੋਣਾ ਚਾਹੀਦਾ ਹੈ ਅਤੇ ਅਜਿਹੇ ਧਾਰਮਿਕ ਪਹਿਰਾਵਿਆਂ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜੰਮੂ ਤੇ ਕਸ਼ਮੀਰ ਵਿੱਚ ਮੁਸਲਿਮ ਭਾਈਚਾਰੇ ਨਾਲ ਅਜਿਹੀਆਂ ਘਟਨਾਵਾਂ ਵਾਪਰਨਾ ਮੰਦਭਾਗਾ ਹੈ।”
ਅਬਾਇਆ ‘ਤੇ ਰੋਕ ਸੰਵਿਧਾਨਕ ਅਧਿਕਾਰ ‘ਤੇ ਹਮਲਾ: ਮਹਿਬੂਬਾ ਮੁਫ਼ਤੀ
ਸ੍ਰੀਨਗਰ: ਸਕੂਲ ਵੱਲੋਂ ਆਬਿਆ ਪਾਉਣ ‘ਤੇ ਲਾਈ ਰੋਕ ਸਬੰਧੀ ਕਸ਼ਮੀਰ ਦੇ ਵੱਖ-ਵੱਖ ਵਰਗਾਂ ਦੇ ਤਿੱਖੇ ਪ੍ਰਤੀਕਰਮ ਆਏ ਹਨ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਇਸ ਕਾਰਵਾਈ ਨੂੰ ਸੰਵਿਧਾਨ ਵਿੱਚ ਦਿੱਤੀ ਗਈ ਧਾਰਮਿਕ ਆਜ਼ਾਦੀ ‘ਤੇ ਹਮਾਲ ਕਰਾਰ ਦਿੱਤਾ ਹੈ। ਮੁਫਤੀ ਨੇ ਕਿਹਾ,” ਗਾਂਧੀ ਦੇ ਭਾਰਤ ਨੂੰ ਗੋਡਸੇ ਦੇ ਭਾਰਤ ਵਿੱਚ ਬਦਲਣ ਲਈ ਭਾਜਪਾ ਦੀ ਸਾਜ਼ਿਸ਼ ਲਈ ਜੰਮੂ ਤੇ ਕਸ਼ਮੀਰ ਪ੍ਰਯੋਗਸ਼ਾਲਾ ਬਣ ਗਿਆ ਹੈ। ਸਾਰੇ ਪ੍ਰਯੋਗ ਇਥੋਂ ਹੀ ਸ਼ੁਰੂ ਹੁੰਦੇ ਹਨ ਇਹ ਕਰਨਾਟਕ ਤੋਂ ਸ਼ੁਰੂ ਹੋਇਆ ਤੇ ਕਸ਼ਮੀਰ ਤੱਕ ਪਹੁੰਚ ਗਿਆ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ।”