ਇੰਜ. ਈਸ਼ਰ ਸਿੰਘ
ਆਸਮਾਨ ‘ਚ ਬਿਜਲੀ ਦਾ ਚਮਕਣਾ ਕੁਦਰਤੀ ਵਰਤਾਰਾ ਹੈ ਜਿਸ ਦਾ ਜ਼ਿਕਰ ਸੰਸਾਰ ਦੇ ਸਾਰੇ ਪੁਰਾਤਨ ਗ੍ਰੰਥਾਂ ਅਤੇ ਸਾਹਿਤ ਵਿੱਚ ਮਿਲਦਾ ਹੈ ਅਤੇ ਇਸ ਨਾਲ ਕਈ ਮਿੱਥਾਂ ਜੁੜੀਆਂ ਹੋਈਆਂ ਹਨ। ਇਸ ਦੀ ਚਮਕ ‘ਚ ਊਰਜਾ (Energy) ਦੀ ਮਾਤਰਾ ਬਹੁਤ ਘੱਟ ਅਤੇ ਥੋੜ੍ਹ-ਚਿਰੀ ਹੁੰਦੀ ਹੈ ਪਰ ਕਰੰਟ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਇਸ ਤੋਂ ਕੋਈ ਲਾਭ ਉਠਾਉਣ ਦੀ ਗੱਲ ਦੂਰ, ਉਲਟਾ ਇਸ ਦੇ ਖ਼ਤਰਿਆਂ ਤੋਂ ਬਚਣ ਦੀ ਲੋੜ ਪੈਂਦੀ ਹੈ। ਅੱਜਕੱਲ੍ਹ ਸਭ ਉੱਚੀਆਂ ਇਮਾਰਤਾਂ ਅਤੇ ਬਣਤਰਾਂ ਆਦਿ ‘ਤੇ ਇਸ ਤੋਂ ਬਚਾਓ ਲਈ ਯੰਤਰ ਲੱਗੇ ਹੋਣ ਦੇ ਬਾਵਜੂਦ, ਇਸ ਦੇ ਡਿੱਗਣ ਕਰਕੇ ਹੋਏ ਜਾਨੀ ਨੁਕਸਾਨ ਅਤੇ ਲੱਗੀਆਂ ਅੱਗਾਂ ਦੀਆਂ ਘਟਨਾਵਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਯੂਰਪ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਇਸ ਵਰਤਾਰੇ ਬਾਰੇ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਡੇਢ ਕੁ ਸੌ ਸਾਲ ਪਹਿਲਾਂ ਅੱਜ ਦੇ ਸਰੂਪ ਵਾਲੀ ਬਿਜਲੀ ਦੀ ਕਾਢ ਕੱਢਣ ‘ਚ ਸਫ਼ਲ ਹੋਏ। ਦਰਅਸਲ, ਇਹ ਕਾਢ ਬਿਜਲੀ ਨਾਲ ਸਬੰਧਿਤ ਕਈ ਸਿਲਸਿਲੇਵਾਰ ‘ਉਪ-ਕਾਢਾਂ’ ਦਾ ਸਮੂਹ ਹੈ। ਇਸ ਦਾ ਬਹੁਤ ਤੇਜ਼ੀ ਨਾਲ ਪਸਾਰ ਹੋਇਆ ਅਤੇ ਅੱਜ ਇਹ ਮਨੁੱਖੀ ਜੀਵਨ ਦੇ ਹਰ ਖੇਤਰ ‘ਚ ਦਾਖ਼ਲ ਹੋ ਚੁੱਕੀ ਹੈ ਕਿਉਂਕਿ ਇਹ ਊਰਜਾ (Energy) ਦਾ ਸ੍ਰੇਸ਼ਟ, ਸਾਫ਼-ਸੁਥਰਾ, ਪ੍ਰਭਾਵਕਾਰੀ, ਹਰ ਵਕਤ ਹਾਜ਼ਰ, ਵਰਤਣ ‘ਚ ਸੌਖਾ ਅਤੇ ਸ਼ੋਰ ਰਹਿਤ ਜ਼ਰੀਆ ਹੈ।
ਊਰਜਾ ਕੰਮ ਕਰ ਸਕਣ ਦੀ ਸਮਰੱਥਾ ਦਿੰਦੀ ਹੈ ਜਿਵੇਂ ਸਰੀਰ ਨੂੰ ਖੁਰਾਕ ਦੀ ਊਰਜਾ ਅਤੇ ਕਾਰ ਨੂੰ ਪੈਟਰੌਲ ਦੀ ਊਰਜਾ ਦਿੰਦੀ ਹੈ। ਇਹ ਮਨੁੱਖੀ ਹੋਂਦ ਦਾ ਮੁੱਖ ਆਧਾਰ ਹੈ। ਇਸ ਦੇ ਕਈ ਸਾਧਨ ਹਨ ਜਿਵੇਂ ਕਿ ਖੁਰਾਕ, ਕੋਲਾ, ਕੁਦਰਤੀ ਗੈਸ, ਖਣਿਜ ਤੇਲ, ਧੁੱਪ, ਹਵਾ, ਪਾਣੀ, ਪਰਮਾਣੂ, ਧਰਤੀ ਹੇਠਲੀ ਗਰਮੀ, ਸਮੁੰਦਰੀ ਲਹਿਰਾਂ ਆਦਿ। ਇਹ ਸਭ ਕੁਦਰਤ ਦੇ ਤੋਹਫ਼ੇ ਹਨ ਜਿਨ੍ਹਾਂ ਦੀ ਵਰਤੋਂ ਸਾਡਾ ਹੱਕ ਅਤੇ ਸਦਵਰਤੋਂ ਸਾਡਾ ਫ਼ਰਜ਼ ਹੈ। ਇਹ ਸਭ ਰਲ਼ ਕੇ ਮਾਡਰਨ ਸ਼ੈਲੀ ਦੇ ਜੀਵਨ, ਹਰ ਤਰ੍ਹਾਂ ਦੇ ਛੋਟੇ-ਵੱਡੇ ਉਦਯੋਗ, ਸਭ ਖਾਧ-ਵਸਤੂਆਂ ਦੀ ਉਪਜ ਤੇ ਪ੍ਰਾਪਤੀ ਅਤੇ ਆਵਾਜਾਈ ਆਦਿ ਦੀਆਂ ਕੁੱਲ ਊਰਜਾ ਲੋੜਾਂ ਪੂਰੀਆਂ ਕਰ ਰਹੇ ਹਨ। ਹਰ ਇੱਕ ਸਾਧਨ ਦੇ ਆਪਣੇ ਵਿਸ਼ੇਸ਼ ਗੁਣ (ਅਤੇ ਤਰੁੱਟੀਆਂ) ਹਨ ਜਿਨ੍ਹਾਂ ਕਰਕੇ ਇਹ ਸਾਰੇ ਹੀ ਆਪੋ-ਆਪਣੀ ਜਗ੍ਹਾ ਉਪਯੋਗੀ ਹਨ ਅਤੇ ਮੌਕੇ ਤੇ ਹਾਲਾਤ ਅਨੁਸਾਰ ਵਰਤੇ ਜਾਂਦੇ ਹਨ। ਬਿਜਲੀ ਇਨ੍ਹਾਂ ‘ਚੋਂ ਇੱਕ ਹੈ ਜੋ ਸੰਸਾਰ ਦੀਆਂ ਕੁੱਲ ਊਰਜਾ ਲੋੜਾਂ ਦਾ ਅੱਜ ਵੀ ਸਿਰਫ਼ 20 ਫ਼ੀਸਦੀ ਹਿੱਸਾ ਹੈ। ਬਿਜਲੀ ਅਤੇ ਕੁੱਲ ਊਰਜਾ ਦਾ ਇਹ ਫ਼ਰਕ ਸਮਝਣਾ ਜ਼ਰੂਰੀ ਹੈ; ਇਸ ਬਾਰੇ ਭੁਲੇਖਾ ਲੱਗਣਾ ਇੱਕ ਸਾਧਾਰਨ ਗੱਲ ਹੈ।
ਦਿਲਚਸਪ ਗੱਲ ਇਹ ਹੈ ਕਿ ਬਿਜਲੀ ਆਪ ਊਰਜਾ ਦਾ ਮੂਲ ਸਾਧਨ ਨਹੀਂ ਸਗੋਂ ਹੋਰ ਸਾਧਨਾਂ ਦੀ ਊਰਜਾ ਨੂੰ ਵਰਤਣ ਦਾ ਜ਼ਰੀਆ ਹੈ। ਬਿਜਲੀ ਤੋਂ ਪਹਿਲਾਂ ਊਰਜਾ ਦਾ ਮੁੱਖ ਸਾਧਨ ਕੋਲਾ ਸੀ ਅਤੇ ਕੋਲੇ ਤੋਂ ਪਹਿਲਾਂ ਮਨੁੱਖੀ ਸਰੀਰ, ਪਸ਼ੂ, ਹਵਾ, ਪਾਣੀ, ਦਰਖ਼ਤ, ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਪਸ਼ੂਆਂ ਦਾ ਗੋਹਾ ਆਦਿ ਸਨ। ਤਕਨਾਲੋਜੀ ਅਤੇ ਹਾਲਾਤ ਅਨੁਸਾਰ ਪਹਿਲੇ ਸਾਧਨਾਂ ਨੂੰ ਛੱਡ ਕੇ ਨਵਿਆਂ ਨੂੰ ਅਪਨਾਉਣ ਨੂੰ ‘ਊਰਜਾ ਪਰਿਵਰਤਨ’ (Energy Transition) ਕਿਹਾ ਜਾਂਦਾ ਹੈ ਅਤੇ ਇਹ ਮਨੁੱਖ ਦੇ ਸਮੁੱਚੇ ਵਿਕਾਸ ਦੀ ਮਹੱਤਵਪੂਰਨ ਕਿਰਿਆ ਰਹੀ ਹੈ। ਅੱਜ ਵੀ ਸੰਸਾਰ ਫੌਸਿਲ ਫਿਊਲਜ਼ (ਪਥਰਾਟ ਬਾਲਣਾਂ- ਕੋਲਾ, ਕੁਦਰਤੀ ਗੈਸ, ਖਣਿਜ ਤੇਲ) ਦੀ ਵਰਤੋਂ ਨੂੰ ਘਟਾ ਕੇ ਬਿਜਲੀ ਦੀ ਵਰਤੋਂ ਨੂੰ ਵਧਾਉਣ ਦੇ ‘ਊਰਜਾ ਪਰਿਵਰਤਨ’ ਦੇ ਦੌਰ ‘ਚੋਂ ਲੰਘ ਰਿਹਾ ਹੈ। ਇਹ ਅੱਜ ਦੇ ਸੰਸਾਰ ਨੂੰ ਦਰਪੇਸ਼ ਸਭ ਤੋਂ ਵੱਡੀਆਂ ਵੰਗਾਰਾਂ ‘ਚੋਂ ਇੱਕ ਹੈ ਕਿਉਂਕਿ ਇਹ ਪਹਿਲੇ ਪਰਿਵਰਤਨਾਂ ਤੋਂ ਭਿੰਨ ਹੈ। ਵਰਣਨਯੋਗ ਹੈ ਕਿ ‘ਵਾਤਾਵਰਨ ਪਰਿਵਰਤਨ’ (Climate Change) ਅਤੇ ‘ਊਰਜਾ ਪਰਿਵਰਤਨ’ (Energy Transition) ਦੋ ਅੱਡ-ਅੱਡ ਖੇਤਰ ਹਨ ਪਰ ਇੱਕ-ਦੂਜੇ ਨਾਲ ਅਟੁੱਟ ਤਰੀਕੇ ਨਾਲ ਜੁੜੇ ਹੋਏ ਹਨ। ਦੂਜਾ, ਪਹਿਲੇ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਇੱਕ ਢੰਗ ਹੈ।
ਕੋਲਾ ਯੁਗ (ਜੋ ਢਾਈ ਸੌ ਸਾਲ ਪਹਿਲਾਂ ਸ਼ੁਰੂ ਹੋਇਆ) ਤੋਂ ਪਹਿਲਾਂ ਊਰਜਾ ਦੀ ਕੁੱਲ ਲੋੜ ਅੱਜ ਦੇ ਮੁਕਾਬਲੇ ‘ਚ ਨਾਂ-ਮਾਤਰ ਸੀ। ਪਹਿਲਾਂ ਭਾਫ਼ ਇੰਜਣ, ਫਿਰ ਕਾਰਾਂ ਅਤੇ ਬਿਜਲੀ ਦੀਆਂ ਕਾਢਾਂ ਨਾਲ ਸੰਸਾਰ ਦੀਆਂ ਊਰਜਾ ਲੋੜਾਂ ‘ਚ ਅਥਾਹ ਵਾਧਾ ਹੋਇਆ ਅਤੇ ਹੁਣ ਵੀ ਹੋ ਰਿਹਾ ਹੈ। ਇਸ ਸਮੇਂ ਦੌਰਾਨ ਆਬਾਦੀ ਦੇ ਦਸ ਗੁਣਾ ਵਾਧੇ ਦੇ ਬਾਵਜੂਦ ਕੁੱਲ ਊਰਜਾ ਦੀ ਪ੍ਰਤੀ ਜੀਅ ਖਪਤ 700 ਗੁਣਾ ਵਧੀ ਹੈ। ਇਹ ਖਪਤ ਸਾਡੀ ਬੇਮਿਸਾਲ ਬਹੁਪੱਖੀ ਤਰੱਕੀ ਦਾ ਵੱਡਾ ਕਾਰਨ ਬਣੀ ਹੈ ਅਤੇ ਨਾਲ ਹੀ ਵਿਸ਼ਵ-ਵਿਆਪੀ ਵਾਤਾਵਰਨਕ ਸਮੱਸਿਆ ਦਾ ਕਾਰਨ ਵੀ। ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਪਥਰਾਟ ਬਾਲਣਾਂ ਦੀ ਅੰਨ੍ਹੇਵਾਹ ਬੇਲੋੜੀ ਵਰਤੋਂ ਹੈ। ਬਾਕੀ ਸਾਧਨ ਅਰਥਾਤ ਧੁੱਪ, ਹਵਾ, ਪਾਣੀ, ਪਰਮਾਣੂ, ਸਮੁੰਦਰੀ ਲਹਿਰਾਂ ਅਤੇ ਧਰਤੀ ਹੇਠਲੀ ਗਰਮੀ ਪ੍ਰਦੂਸ਼ਣ ਰਹਿਤ ਹਨ, ਪਰ ਇਨ੍ਹਾਂ ਦੀ ਹਿੱਸੇਦਾਰੀ ਬਹੁਤ ਘੱਟ ਹੈ। ਬਿਜਲੀ ਦੀ ਸਿਫ਼ਤ ਇਹ ਹੈ ਕਿ ਇਹ ਦੋਵੇਂ ਕਿਸਮਾਂ ਦੇ ਸਾਧਨਾਂ ਤੋਂ ਬਣਾਈ ਜਾ ਸਕਦੀ ਹੈ ਅਤੇ ਬਣਾਈ ਜਾ ਰਹੀ ਹੈ, ਪਰ ਸਭ ਤੋਂ ਵੱਧ ਪਥਰਾਟ ਬਾਲਣਾਂ ਤੋਂ ਹੀ ਬਣਾਈ ਜਾ ਰਹੀ ਹੈ। ਸੋ ਇਸ ਦਾ ਉਤਪਾਦਨ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਭਾਵੇਂ ਇਹ ਕੇਵਲ ਪੰਜਵਾਂ ਹਿੱਸਾ ਹੈ। ਇਸ ਤੋਂ ਸਪਸ਼ਟ ਹੈ ਕਿ ਜੇ ਸਾਰੀ ਬਿਜਲੀ ਨੂੰ ਪ੍ਰਦੂਸ਼ਣ ਰਹਿਤ ਕਰ ਵੀ ਲਿਆ ਜਾਵੇ ਤਾਂ ਵੀ ਅਸੀਂ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਸਕਾਂਗੇ ਕਿਉਂਕਿ ਹੋਰ ਖੇਤਰ ਵਾਤਾਵਰਨ ਨੂੰ ਵੱਧ ਪ੍ਰਦੂਸ਼ਿਤ ਕਰ ਰਹੇ ਹਨ ਜਿਵੇਂ ਕਿ ਹਵਾਈ ਅਤੇ ਸਮੁੰਦਰੀ ਜਹਾਜ਼, ਖੇਤੀਬਾੜੀ ਦੀ ਮਸ਼ੀਨਰੀ ਤੇ ਖਾਦਾਂ ਦਾ ਉਤਪਾਦਨ, ਟਰੱਕਿੰਗ, ਸਟੀਲ, ਸੀਮਿੰਟ, ਅਮੋਨੀਆ ਅਤੇ ਪਲਾਸਟਿਕ ਦਾ ਉਤਪਾਦ, ਲੁੱਕ, ਲੁਬਰੀਕੈਂਟ ਆਦਿ ਦੀਆਂ ਜ਼ਰੂਰਤਾਂ। ਫਿਰ ਵੀ ਬਿਜਲੀ ਦੇ ਉਤਪਾਦਨ ਨੂੰ ਪ੍ਰਦੂਸ਼ਣ ਰਹਿਤ ਕਰਨ ‘ਤੇ ਬਹੁਤਾ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਵੱਧ ਸੰਭਵ ਹੈ।
ਬਿਜਲੀ ਪੈਦਾ ਕਰਨ ਵਾਲੇ ਵੱਡੇ ਬਿਜਲੀਘਰ ਆਮ ਕਰਕੇ ਆਬਾਦੀ ਤੋਂ ਬਹੁਤ ਦੂਰ ਹੁੰਦੇ ਹਨ। ਉੱਥੋਂ ਇਸ ਨੂੰ ਘਰ-ਘਰ ਅਤੇ ਹੋਰ ਵਰਗਾਂ ਦੇ ਵੱਡੇ ਖਪਤਕਾਰਾਂ ਤੱਕ ਪਹੁੰਚਾਉਣਾ ਤਕਨੀਕੀ ਪੱਖੋਂ ਜਿੰਨਾ ਗੁੰਝਲਦਾਰ, ਔਖਾ ਅਤੇ ਮਹਿੰਗਾ ਕੰਮ ਹੈ, ਓਨਾ ਹੀ ਵਰਤੋਂ ਪੱਖੋਂ ਸਰਲ ਅਤੇ ਸਾਫ਼-ਸੁਥਰਾ ਹੈ। ਇਸ ਨੂੰ ਸਟੋਰ ਕਰਨ ਦੀ ਲੋੜ ਨਹੀਂ ਪੈਂਦੀ; ਦਰਅਸਲ ਇਹ ਸਟੋਰ ਕੀਤੀ ਹੀ ਨਹੀਂ ਜਾ ਸਕਦੀ (ਛੁੱਟ ਥੋੜ੍ਹੀ ਬਹੁਤ ਦੇ) ਅਤੇ ਇਹ ਬਿਜਲੀ ਦਾ ਨੁਕਸ ਮੰਨਿਆ ਜਾਂਦਾ ਹੈ। ਸਭ ਸਾਧਨਾਂ ਤੋਂ ਬਣੀਆਂ ਬਿਜਲੀਆਂ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਸਭ ਨੂੰ ਇਕੱਠਾ ਕਰ ਕੇ ਹੀ ਅੱਗੇ ਇਸ ਦੀ ਵੰਡ-ਵੰਡਾਈ ਕੀਤੀ ਜਾਂਦੀ ਹੈ। ਇਹ ਊਰਜਾ ਦੇ ਹੋਰ ਸਾਧਨਾਂ ਵਾਂਗ ਦਿਸਦੀ ਨਹੀਂ। ਇਸ ਦੀ ਮੌਜੂਦਗੀ ਇਸ ਦੇ ਤਿੰਨ ਅਸਰਾਂ (ਸਿਰਫ਼) ਤੋਂ ਜਾਣੀ ਜਾ ਸਕਦੀ ਹੈ ਜਿਨ੍ਹਾਂ ਰਾਹੀਂ ਅੱਗੇ ਇਸ ਤੋਂ ਅਨੇਕਾਂ ਕਿਸਮ ਦੇ ਕੰਮ ਲਏ ਜਾਂਦੇ ਹਨ।
* ਗਰਮੀ (heat) ਪੈਦਾ ਕਰਦੀ ਹੈ
* ਚੁੰਬਕੀ ਅਸਰ ਪੈਦਾ ਕਰਦੀ ਹੈ
* ਰਸਾਇਣਕ ਅਸਰ ਪੈਦਾ ਕਰਦੀ ਹੈ
ਬਿਜਲੀ ਮਨੁੱਖਤਾ ਲਈ ਕੁਦਰਤ ਦਾ ਇੱਕ ਅਨੋਖਾ ਵਰਦਾਨ ਸਾਬਤ ਹੋਈ ਹੈ। ਇਸ ਨੂੰ ਊਰਜਾ ਦੀ ‘ਕਰੰਸੀ’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕਈ ਸਾਧਨਾਂ ਤੋਂ ਬਣਾਈ ਜਾ ਸਕਦੀ ਹੈ ਅਤੇ ਅਜਿਹੇ ਅਨੇਕਾਂ ਕੰਮ ਕਰ ਸਕਦੀ ਹੈ ਜੋ ਊਰਜਾ ਦੇ ਮੂਲ ਸਾਧਨ ਬਿਲਕੁਲ ਨਹੀਂ ਕਰ ਸਕਦੇ। ਉਦਾਹਰਨ ਵਜੋਂ ਕੋਲੇ ਦੀ ਊਰਜਾ ਸਿਰਫ਼ ਗਰਮੀ ਦਿੰਦੀ ਹੈ ਪਰ ਜਦ ਇਸ ਨੂੰ ਬਿਜਲੀ ‘ਚ ਬਦਲ ਲੈਂਦੇ ਹਾਂ ਤਾਂ ਇਹ ਅਣਗਿਣਤ ਕੰਮ ਕਰ ਸਕਦੀ ਹੈ। ਇਹ ਕਿਤੇ ਠੰਢਾ ਕਰੀ ਜਾਂਦੀ ਹੈ ਕਿਤੇ ਗਰਮ। ਐਲੀਵੇਟਰ ਨੂੰ ਉੱਪਰ ਵੀ ਓਹੀ ਬਿਜਲੀ ਲਿਜਾਂਦੀ ਹੈ ਜੋ ਇਸ ਨੂੰ ਥੱਲੇ ਲੈ ਕੇ ਆਉਂਦੀ ਹੈ। ਮਸ਼ੀਨਰੀ ਨੂੰ ਚਲਾਉਂਦੀ ਵੀ ਇਹ ਹੈ ਅਤੇ ਬਰੇਕਾਂ ਵੀ ਇਹ ਲਾਉਂਦੀ ਹੈ। ਲੋਹੇ ਆਦਿ ਧਾਤਾਂ ਨੂੰ ਕੱਟ ਵੀ ਦਿੰਦੀ ਹੈ ਜੋੜ ਵੀ ਦਿੰਦੀ ਹੈ। ਬੱਚਿਆਂ ਦੇ ਖਿਡੌਣਿਆਂ, ਹੱਥਾਂ ‘ਤੇ ਬੰਨ੍ਹੀਆਂ ਘੜੀਆਂ ਤੇ ਜੇਬਾਂ ‘ਚ ਪਾਏ ਮੋਬਾਈਲਾਂ ਤੋਂ ਲੈ ਕੇ ਹਵਾਈ ਅਤੇ ਸਮੁੰਦਰੀ ਜਹਾਜ਼ਾਂ ‘ਚ ਅਤੇ ਡਾਕਟਰਾਂ ਦੇ ਹੱਥਾਂ ‘ਚ ਫੜੇ ਔਜ਼ਾਰਾਂ ‘ਚ ਇੱਕੋ ਬਿਜਲੀ ਕੰਮ ਕਰਦੀ ਹੈ। ਅਨੇਕਾਂ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਹੋਰ ਕਿਸਮ ਦੀ ਊਰਜਾ ਨਾਲ ਚਲਦੀਆਂ ਹਨ, ਨੂੰ ਵੀ ਬਿਜਲੀ ਦੀ ਲੋੜ ਹੈ ਜਿਵੇਂ ਕਿ ਪੈਟਰੌਲ ਜਾਂ ਡੀਜ਼ਲ ਦੀਆਂ ਕਾਰਾਂ ਨੂੰ।
ਬਿਜਲੀ ਦੀਆਂ ਦੋ ਸਭ ਤੋਂ ਲਾਭਦਾਇਕ ਅਤੇ ਸਰਬ-ਵਿਆਪੀ ਖੋਜਾਂ ਹਨ: ਰੌਸ਼ਨੀ ਅਤੇ ਮੋਟਰਾਂ। ਮੋਟਰ ਇੱਕ ਵਚਿੱਤਰ ਕਾਢ ਹੈ ਜੋ ਬਣੀ ਹੋਈ ਬਿਜਲੀ ਨੂੰ ਉਲਟਾ ਫਿਰ ਮਕੈਨੀਕਲ ਊਰਜਾ ‘ਚ ਬਦਲ ਦਿੰਦੀ ਹੈ। ਇਨ੍ਹਾਂ ਰਾਹੀਂ ਬਿਜਲੀ ਨੇ ਸੰਸਾਰ ਦੇ ਵਿਕਾਸ ਦੀ ਪਹਿਲੀ ਸਟੇਜ ‘ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਨੇ ਰੌਸ਼ਨੀ ਦੇ ਸਾਰੇ ਪੁਰਾਣੇ ਢੰਗਾਂ (ਮੋਮਬੱਤੀਆਂ, ਕੋਲੇ ਦੀ ਗੈਸ, ਮਿੱਟੀ ਦਾ ਤੇਲ ਆਦਿ) ਨੂੰ ਬਦਲ ਕੇ ਰੌਸ਼ਨੀ ਦੇ ਮਿਆਰ ‘ਚ ਬਹੁਤ ਵਾਧਾ ਵੀ ਕੀਤਾ ਅਤੇ ਇਸ ਨੂੰ ਸੁਰੱਖਿਅਤ ਤੇ ਸਿਹਤ ਪੱਖੋਂ ਹਾਨੀ ਰਹਿਤ ਵੀ ਬਣਾਇਆ। ਅੱਜ ਦੇ ਸੋਡੀਅਮ ਲੈਂਪ, ਮੋਮਬੱਤੀਆਂ ਤੋਂ ਇੱਕ ਹਜ਼ਾਰ ਗੁਣਾ ਵੱਧ ਅਤੇ ਵਧੀਆ ਰੌਸ਼ਨੀ ਦਿੰਦੇ ਹਨ। ਅੱਜ ਬਿਜਲੀ ਸਾਰੇ ਸੰਸਾਰ ਦੇ ਚੱਪੇ-ਚੱਪੇ ਨੂੰ ਰੁਸ਼ਨਾ ਰਹੀ ਹੈ। ਨਾਲ ਹੀ ਮੋਟਰਾਂ ਨੇ ਹਰ ਕਿਸਮ ਦੇ ਛੋਟੇ-ਵੱਡੇ ਉਦਯੋਗ ਦਾ ਪੂਰਾ ਮੁਹਾਂਦਰਾ ਵੀ ਬਦਲਿਆ ਹੈ ਅਤੇ ਉਤਪਾਦ ‘ਚ ਵੀ ਅਥਾਹ ਵਾਧਾ ਕੀਤਾ ਹੈ। ਵੱਡੇ ਸ਼ਹਿਰਾਂ ‘ਚ ਪਾਣੀ ਦੀ ਸਪਲਾਈ ਦਾ ਪ੍ਰਬੰਧ ਮੋਟਰਾਂ ਨਾਲ ਸੰਭਵ ਹੈ। ਰੇਲਾਂ ਇਨ੍ਹਾਂ ਨਾਲ ਚਲਦੀਆਂ ਹਨ। ਤੇਲਾਂ ਅਤੇ ਗੈਸਾਂ ਨੂੰ ਹਜ਼ਾਰਾਂ ਕਿਲੋਮੀਟਰਾਂ ਤੱਕ ਪਹੁੰਚਾਉਣ ਵਾਲੀਆਂ ਵੱਡੀਆਂ-ਵੱਡੀਆਂ ਪਾਈਪਾਂ ਵਿੱਚ ਇਨ੍ਹਾਂ ਨੂੰ ਅੱਗੇ ਤੋਰਨ ਲਈ ਬਿਜਲੀ ਦੀਆਂ ਮੋਟਰਾਂ ਦੀ ਲੋੜ ਹੈ। ਇਨ੍ਹਾਂ ਨੇ ਸਾਡਾ ਜੀਵਨ ਇਸ ਹੱਦ ਤੱਕ ਅਰਾਮਦਾਇਕ ਬਣਾਇਆ ਹੈ ਕਿ ਕਾਰ ਦੇ ਸ਼ੀਸ਼ੇ ਵੀ ਇਨ੍ਹਾਂ ਨਾਲ ਖੁੱਲ੍ਹਦੇ-ਬੰਦ ਹੁੰਦੇ ਹਨ। ਅੱਜ ਕਣਕ ਦੇ ਦਾਣੇ ਦੇ ਆਕਾਰ ਦੀਆਂ ਮੋਟਰਾਂ ਤੋਂ ਲੈ ਕੇ ਇਕ-ਇਕ ਲੱਖ ਹੌਰਸਪਾਵਰ ਤੱਕ ਦੀਆਂ ਮੋਟਰਾਂ ਬਣ ਚੁੱਕੀਆਂ ਹਨ।
ਦੂਜੀ ਸਟੇਜ ‘ਚ ਬਿਜਲੀ ਕਰਕੇ ਐਸੀਆਂ ਨਵੀਆਂ ਕਾਢਾਂ ਸੰਭਵ ਹੋ ਸਕੀਆਂ ਹਨ ਜਿਨ੍ਹਾਂ ਦੀ ਜਨਮਦਾਤੀ ਅਤੇ ਜਿੰਦ-ਜਾਨ ਪੂਰਨ ਤੌਰ ‘ਤੇ ਬਿਜਲੀ ਹੈ, ਉਦਾਹਰਣ ਵਜੋਂ ਕੰਪਿਊਟਰ ਅਤੇ ਡਾਕਟਰੀ ਪੇਸ਼ੇ ਨਾਲ ਜੁੜੀ ਮਸ਼ੀਨਰੀ ਅਤੇ ਜੁੜੇ ਔਜ਼ਾਰ। ਬਿਜਲੀ ਤੋਂ ਬਿਨਾ ਦੂਰ-ਸੰਚਾਰ ਸਾਧਨ ਸੰਭਵ ਹੀ ਨਹੀਂ ਜੋ ਅੱਜ ਦੀ ਤਰੱਕੀ ਦਾ ਵੱਡਾ ਕਾਰਨ ਹਨ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਵੀ ਇਸੇ ਦੀ ਦੇਣ ਹਨ। ਸੇਵਾਵਾਂ ਖੇਤਰ ( ਹੋਟਲ, ਮਨਪ੍ਰਚਾਵਾ, ਸੈਰ-ਸਪਾਟਾ ਆਦਿ) ਪੂਰੀ ਤਰ੍ਹਾਂ ਬਿਜਲੀ ‘ਤੇ ਨਿਰਭਰ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਪ੍ਰਚੱਲਤ ਹੋਈ ਈ-ਕਾਮਰਸ ਰਾਹੀਂ ਖਰੀਦ-ਵੇਚ ਇਸ ਦੀ ਉਪਜ ਹੈ। ਪੂਰੀ ਤਰ੍ਹਾਂ ਬਿਜਲੀ ‘ਤੇ ਨਿਰਭਰ ਇਨ੍ਹਾਂ ਕਾਢਾਂ ਦੇ ਅਣਕਿਆਸੇ ਲਾਭ ਹੋਏ ਹਨ। ਇਨ੍ਹਾਂ ਤੋਂ ਬਗੈਰ ਅੱਜ ਦਾ ਸੰਸਾਰ ਅਸੰਭਵ ਹੈ। ਇਹ ਕੰਮ ਬਿਜਲੀ ਦੇ ਲਾਭਾਂ ਦੀ ਸੂਚੀ ਨਹੀਂ, ਸਿਰਫ਼ ਕੁਝ ਸਰਲ ਉਦਾਹਰਣਾਂ ਹਨ। ਇਸ ਤਰ੍ਹਾਂ ਬਿਜਲੀ, ਊਰਜਾ ਦੇ ਸਭ ਸਾਧਨਾਂ ਦਾ ਸਿਰਮੌਰ ਸਾਧਨ ਹੈ।
ਗੁਣਾਂ ਪੱਖੋਂ ਸਿਰਮੌਰ ਹੋਣ ਦੇ ਬਾਵਜੂਦ ਇਹ ਸੰਸਾਰ ਭਰ ‘ਚ ਅਤੇ ਖ਼ਾਸਕਰ ਭਾਰਤ ‘ਚ, ਸਭ ਤੋਂ ਵੱਧ ਨਿਯੰਤਰਤ ਊਰਜਾ ਸੇਵਾ ਹੈ। ਕੇਂਦਰ ਜਾਂ ਸੂਬਾ ਸਰਕਾਰਾਂ ਦੀ ਤਾਂ ਗੱਲ ਹੀ ਛੱਡ ਦੀਏ, ਮਿਉਂਸਿਪਲ ਕਮੇਟੀਆਂ ਵੀ ਇਸ ਬਾਰੇ ਕਾਨੂੰਨ ਬਣਾਈ ਜਾਂਦੀਆਂ ਹਨ। ਇਹ ਬਹੁਤਾ ਸਰਕਾਰੀ ਜਾਂ ਅਰਧ-ਸਰਕਾਰੀ ਪ੍ਰਬੰਧਾਂ ਹੇਠਾਂ ਕੰਮ ਕਰਦੀ ਹੈ ਅਤੇ ਰਾਜਨੀਤਕ ਲੀਡਰਾਂ ਦੇ ਰਹਿਮੋ-ਕਰਮ ‘ਤੇ ਹੈ। ਇਸ ਬਾਰੇ ਵੱਧ ਫ਼ੈਸਲੇ ਰਾਜਨੀਤਕ ਸਟੇਜਾਂ ਤੋਂ ਹੁੰਦੇ ਹਨ ਅਤੇ ਇਨ੍ਹਾਂ ਫ਼ੈਸਲਿਆਂ ‘ਚ ਮਾਹਿਰਾਂ, ਪ੍ਰਬੰਧਕਾਂ ਜਾਂ ਆਰਥਿਕ ਮਾਹਿਰਾਂ ਦੀ ਬਹੁਤੀ ਭੂਮਿਕਾ ਨਹੀਂ ਹੁੰਦੀ। ਇਸ ਕਰਕੇ ਇਹ ਬਦਇੰਤਜ਼ਾਮੀ, ਚੋਰੀ ਅਤੇ ਮੁਫ਼ਤਖੋਰੀ ਦੀ ਸ਼ਿਕਾਰ ਹੈ। ਬਿਜਲੀ ਨਾਲ ਜੁੜੀ ਅਗਲੀ ਨਿਰਾਸ਼ਾਜਨਕ ਗੱਲ ਇਹ ਹੈ ਕਿ ਇਸ ਦੀਆਂ ਸੁਵਿਧਾਵਾਂ ਸਭ ਮਨੁੱਖਾਂ ਨੂੰ ਪ੍ਰਾਪਤ ਨਹੀਂ। ਇੱਕ ਪਾਸੇ ਇਸ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਦੂਜੇ ਪਾਸੇ ਲੋਕ ਇਸ ਵਾਸਤੇ ਤਰਸ ਰਹੇ ਹਨ। ਇਹ ਨਾਬਰਾਬਰੀ ਸਮੱਸਿਆ ਨੂੰ ਗੰਭੀਰ ਅਤੇ ਗੁੰਝਲਦਾਰ ਬਣਾਉਂਦੀ ਹੈ ਕਿ ਧਰਤੀ ਦਾ ਵਾਤਾਵਰਨ ਪਹਿਲਾਂ ਹੀ ਵਿਨਾਸ਼ ਦੀ ਕਗਾਰ ‘ਤੇ ਹੈ ਜਦੋਂਕਿ ਅਰਬਾਂ ਲੋੜਵੰਦਾਂ ਨੂੰ ਜਿਉਣ ਜੋਗੀਆਂ ਸਹੂਲਤਾਂ ਦੇਣਾ ਅਜੇ ਬਾਕੀ ਹੈ।
ਆਪਣੇ ਖ਼ਾਸ ਗੁਣਾਂ ਕਰਕੇ ਬਿਜਲੀ, ਕੁੱਲ ਊਰਜਾ ਦੇ ਉਤਪਾਦ ਕਰ ਕੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ‘ਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੀ ਹੈ ਕਿਉਂਕਿ ਇਹ ਪ੍ਰਦੂਸ਼ਣ ਰਹਿਤ ਸਾਧਨਾਂ ਨੂੰ ਵਰਤ ਸਕਣ ਦੇ ਸਮਰੱਥ ਹੈ। ਇਸ ਪੱਖ ਤੋਂ ਇਹ ਬੇਜੋੜ ਹੈ। ਇਸ ਕਰਕੇ ਹੀ ਯੂ.ਐੱਨ.ਓ ਵੱਲੋਂ ਵਾਤਾਵਰਨ ਸੁਧਾਰ ਲਈ ਅਪਣਾਈਆਂ ਮੁੱਖ ਨੀਤੀਆਂ ਮੁੱਖ ਤੌਰ ‘ਤੇ ਬਿਜਲੀ ਕੇਂਦ੍ਰਿਤ ਅਤੇ ਦੁਵੱਲੀ ਪਹੁੰਚ ਵਾਲੀਆਂ ਹਨ।
ਕੁੱਲ ਊਰਜਾ ਵਿੱਚ ਬਿਜਲੀ ਦੀ ਹਿੱਸੇਦਾਰੀ ਨੂੰ ਇਸ ਢੰਗ ਨਾਲ ਵਧਾਉਣਾ ਹੈ ਕਿ ਇਸ ਦੇ ਉਤਪਾਦਨ ‘ਚ ਪਥਰਾਟ ਬਾਲਣਾਂ ਦੀ ਹਿੱਸੇਦਾਰੀ ਘਟਦੀ ਜਾਵੇ ਅਤੇ ਸੂਰਜੀ, ਹਵਾ, ਪਾਣੀ, ਪਰਮਾਣੂ ਆਦਿ ਸਾਧਨਾਂ ਦੀ ਵਧਦੀ ਜਾਵੇ। ਇਹ ਹੀ ‘ਊਰਜਾ ਪਰਿਵਰਤਨ’ (Energy Transition) ਹੈ ਜਿਸ ਦਾ ਪਹਿਲਾਂ ਜ਼ਿਕਰ ਆਇਆ ਹੈ। ਲਗਭਗ ਸਾਰੇ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਸੂਲੀ ਤੌਰ ‘ਤੇ ਯੂ.ਐੱਨ.ਓ. ਦੀਆਂ ਇਨ੍ਹਾਂ ਨੀਤੀਆਂ ਦੇ ਪੁਰਜ਼ੋਰ ਹਾਮੀ ਹਨ, ਪਰ ਇਨ੍ਹਾਂ ਗੱਲਾਂ ਦੇ ਵੱਧ ਮੁਦਈ ਹਨ ਕਿ ਊਰਜਾ ਦੀਆਂ ਕੁੱਲ ਲੋੜਾਂ ਨੂੰ ਸੰਜਮ ਨਾਲ ਅਤੇ ਕਾਨੂੰਨੀ ਢੰਗ ਵਰਤ ਕੇ ਘਟਾਇਆ ਜਾਵੇ, ਇਸ ਦੀ ਸਦ ਵਰਤੋਂ ਕੀਤੀ ਜਾਵੇ ਅਤੇ ਅਤੇ ਇਸ ਦੀ ਸਹੀ ਵੰਡ-ਵੰਡਾਈ ਨੂੰ ਪਹਿਲ ਦਿੱਤੀ ਜਾਵੇ। ਸਰ ਡੇਵਿਡ ਐਟਨਬਰਾ ਦੀ ਨਸੀਹਤ ਹੈ:
“ਸਾਡੇ ਵਾਸਤੇ ਅਤਿ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ਼ ਧਰਤੀ ਦੇ ਸੀਮਤ ਕੁਦਰਤੀ ਸਾਧਨਾਂ ਦੇ ਅੰਦਰ ਰਹੀਏ ਸਗੋਂ ਇਨ੍ਹਾਂ ਨੂੰ ਸਹੀ ਢੰਗ ਨਾਲ ਵੰਡਣਾ ਵੀ ਸਿੱਖੀਏ।”
ਸਹੀ ਵੰਡ ਲਈ ਕੁਦਰਤ ਦੇ ਸਾਧਨਾਂ ਦਾ ਦੁਰਉਪਯੋਗ ਕਰ ਕੇ ਅਯਾਸ਼ੀ ਦਾ ਜੀਵਨ ਜਿਉਂ ਰਹੇ ਅਮੀਰਾਂ ਤੇ ਕਾਨੂੰਨੀ ਅਤੇ ਸਮਾਜਿਕ ਪਾਬੰਦੀਆਂ ਲਾਉਣਾ ਸਮੇਂ ਦੀ ਲੋੜ ਹੈ। ਇਸ ਦਾ ਹੱਲ ਤਕਨਾਲੋਜੀ ਨਹੀਂ ਸਗੋਂ ਇਸ ਲਈ ਮੌਜੂਦਾ ਰਾਜਨੀਤਕ, ਆਰਥਿਕ ਤੇ ਸਮਾਜਿਕ ਪ੍ਰਬੰਧਾਂ ਅਤੇ ਪ੍ਰਣਾਲੀਆਂ ਨੂੰ ਬਦਲਣ ਦੀ ਲੋੜ ਹੈ। ਇਹ ਤਦ ਹੀ ਸੰਭਵ ਹੈ ਜਦ ਅਸੀਂ ਜਾਗਰੂਕ ਅਤੇ ਜਾਣਕਾਰ ਬਣ ਕੇ ਉਨ੍ਹਾਂ ਲੀਡਰਾਂ ਦੇ ਹੱਥ ਤਕੜੇ ਕਰਾਂਗੇ ਜੋ ਇਨ੍ਹਾਂ ਨੀਤੀਆਂ ਪ੍ਰਤੀ ਸੁਹਿਰਦ ਅਤੇ ਸਰਵ-ਸਾਂਝੀਵਾਲਤਾ ਦੇ ਪੁਰ-ਜ਼ੋਰ ਹਮਾਇਤੀ ਹਨ।
ਸੰਪਰਕ: 64764-02014
(ਨੋਟ: ਇਸ ਲੇਖ ਦਾ ਮੁੱਖ ਆਧਾਰ ਕੈਨੇਡਾ ਦੀ ਮੈਨੀਟੋਬਾ ਯੂਨੀਵਰਸਿਟੀ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਊਰਜਾ ਮਾਹਿਰ ਪ੍ਰੋ. ਵੈਕਲਫ ਸਮਿੱਲ ਦੀ ਬੈਸਟ-ਸੈੱਲਰ ਕਿਤਾਬ ‘How the World Really Works’ ਹੈ। ਇਸ ਵਿੱਚ ਦਿੱਤੇ ਤੱਥ ਅਤੇ ਅੰਕੜੇ ਉਨ੍ਹਾਂ ਪ੍ਰਤੀ ਬਣਦੇ ਮਾਣ-ਸਤਿਕਾਰ ਸਹਿਤ ਲਏ ਗਏ ਹਨ।)