ਕੀਵ, 6 ਜੂਨ
ਯੂਕਰੇਨ ਦੇ ਦੱਖਣ ਵਿਚ ਰੂਸ ਦੇ ਕਬਜ਼ੇ ਹੇਠਲੇ ਇਕ ਵੱਡੇ ਡੈਮ ਦੀ ਕੰਧ ਟੁੱਟਣ ਕਾਰਨ ਪਾਣੀ ਬੇਹੱਦ ਤੇਜ਼ ਰਫ਼ਤਾਰ ਨਾਲ ਨਦੀ ਦੇ ਵਹਿਣ ਨਾਲ ਰਿਹਾਇਸ਼ੀ ਇਲਾਕਿਆਂ ਵੱਲ ਦਾਖ਼ਲ ਹੋ ਗਿਆ ਹੈ। ਦੋਵਾਂ ਪਾਸਿਓਂ ਤੋਂ ਲੋਕਾਂ ਨੂੰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਇਕ ਧਮਾਕੇ ਤੋਂ ਬਾਅਦ ਡੈਮ ਟੁੱਟਿਆ ਹੈ। ਇਸ ਕਾਰਨ ਵੱਡੇ ਪੱਧਰ ‘ਤੇ ਆਲੇ-ਦੁਆਲੇ ਦੇ ਵਾਤਾਵਰਨ ਦੇ ਨੁਕਸਾਨੇ ਜਾਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਯੂਕਰੇਨ ਰੂਸ ਉਤੇ ਬੰਨ੍ਹ ਤੋੜਨ ਦਾ ਦੋਸ਼ ਲਾ ਰਿਹਾ ਹੈ ਜਦਕਿ ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨੀ ਫ਼ੌਜ ਨੇ ਇਸ ਵਿਵਾਦਤ ਇਲਾਕੇ ਵਿਚ ਹਾਈਡਰੋਇਲੈਕਟ੍ਰਿਕ ਪਾਵਰ ਸਟੇਸ਼ਨ ਨੂੰ ਨੁਕਸਾਨ ਪਹੁੰਚਾਇਆ ਹੈ। ਡੈਮ ਟੁੱਟਣ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਪਾਣੀ ਦਾ ਪੱਧਰ ਘਟਣ ਕਾਰਨ ਯੂਰੋਪ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟ (ਜ਼ੈਪੋਰਿਜ਼ੀਆ) ਨੂੰ ਠੰਢਾ ਰੱਖਣ ਵਿਚ ਵੀ ਮੁਸ਼ਕਲ ਆ ਸਕਦੀ ਹੈ। ਹਾਲਾਂਕਿ ਪਰਮਾਣੂ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕੋਈ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਰੂਸ ਦੇ ਕਬਜ਼ੇ ਹੇਠਲੇ ਕਰੀਮੀਆ ਵਿਚ ਪਾਣੀ ਦੀ ਸਪਲਾਈ ਖ਼ਤਮ ਹੋ ਸਕਦੀ ਹੈ। ਡੈਮ ਦੇ ਟੁੱਟਣ ਨਾਲ 16 ਮਹੀਨਿਆਂ ਦੀ ਇਸ ਜੰਗ ਨਾਲ ਹੁਣ ਇਕ ਹੋਰ ਨਵਾਂ ਅਧਿਆਏ ਜੁੜ ਗਿਆ ਹੈ। ਯੂਕਰੇਨੀ ਫ਼ੌਜਾਂ ਦੇਸ਼ ਦੀਆਂ ਪੂਰਬੀ ਦੇ ਦੱਖਣੀ ਸਰਹੱਦਾਂ ਉਤੇ 1000 ਕਿਲੋਮੀਟਰ ਦੇ ਘੇਰੇ ਦੇ ਨਾਲ ਹੱਲਾ ਬੋਲ ਰਹੀਆਂ ਹਨ, ਜਿਸ ਨੂੰ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਡੈਮ ਨੂੰ ਪਹੁੰਚੇ ਨੁਕਸਾਨ ਨਾਲ ਕਿਸ ਨੂੰ ਫਾਇਦਾ ਹੋਵੇਗਾ, ਕਿਉਂਕਿ ਦੋਵਾਂ ਪਾਸਿਆਂ ਦੀ ਜ਼ਮੀਨ ਹੜ੍ਹ ਦੀ ਮਾਰ ਹੇਠ ਆਉਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਨਾਲ ਦੱਖਣ ਵਿਚ ਯੂਕਰੇਨ ਦੀ ਮੁਹਿੰਮ ਰੁਕ ਸਕਦੀ ਹੈ ਪਰ ਨਾਲ ਹੀ ਕਰੀਮੀਆ ਵਿਚ ਰੂਸ ਨੂੰ ਵੀ ਨੁਕਸਾਨ ਹੋਵੇਗਾ ਕਿਉਂਕਿ ਉੱਥੇ ਜਲ ਸਪਲਾਈ ਇਸ ਡੈਮ ਤੋਂ ਜਾਂਦੀ ਹੈ। ਕਰੀਮੀਆ ਉਤੇ ਰੂਸ ਨੇ 2014 ਵਿਚ ਕਬਜ਼ਾ ਕਰ ਲਿਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਇਸ ਮਾਮਲੇ ਉਤੇ ਆਪਣੀ ਸੁਰੱਖਿਆ ਕੌਂਸਲ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਰੂਸੀ ਸੈਨਾ ਨੇ ਡੈਮ ‘ਚ ਰਾਤ ਨੂੰ ਧਮਾਕਾ ਕੀਤਾ ਹੈ ਤੇ ਕਰੀਬ 100 ਪਿੰਡਾਂ-ਕਸਬਿਆਂ ਨੂੰ ਖ਼ਤਰਾ ਹੈ। -ਏਪੀ
ਯੂਕਰੇਨ ਨੇ ਕੌਮਾਂਤਰੀ ਅਦਾਲਤ ‘ਚ ਰੂਸ ਨੂੰ ‘ਅਤਿਵਾਦੀ’ ਮੁਲਕ ਦੱਸਿਆ
ਹੇਗ: ਯੂਕਰੇਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਰੂਸ ਨੂੰ ‘ਅਤਿਵਾਦੀ ਮੁਲਕ’ ਕਰਾਰ ਦਿੱਤਾ ਹੈ। ਇੱਥੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਅਦਾਲਤ ਵਿਚ ਮਾਸਕੋ ਖ਼ਿਲਾਫ਼ ਕੇਸ ਦੀ ਸ਼ੁਰੂਆਤ ਕਰਦਿਆਂ ਕੂਟਨੀਤਕ ਐਂਟਨ ਕੋਰੀਨੇਵਿਚ ਨੇ ਕਿਹਾ ਕਿ ਰੂਸ ਨੇ ਪੂਰਬੀ ਯੂਕਰੇਨ ਵਿਚ ਬਾਗੀਆਂ ਰਾਹੀਂ ‘ਧਮਕਾਉਣ ਤੇ ਦਹਿਸ਼ਤ ਦੀ ਇਕ ਮੁਹਿੰਮ’ ਵਿੱਢੀ ਹੈ। ਕੌਮਾਂਤਰੀ ਅਦਾਲਤ ਵਿਚ ਅੱਜ ਰੂਸ ਵੱਲੋਂ 2014 ‘ਚ ਕੀਤੇ ਕਰੀਮੀਆ ਦੇ ਰਲੇਵੇਂ ਅਤੇ ਪੂਰਬੀ ਯੂਕਰੇਨ ਵਿਚ ਬਾਗੀਆਂ ਨੂੰ ਹਥਿਆਰਬੰਦ ਕਰਨ ਬਾਰੇ ਸੁਣਵਾਈ ਹੋਈ। -ਏਪੀ