ਨਵੀਂ ਦਿੱਲੀ, 6 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਨ੍ਹਾਂ ਮਹਿਲਾ ਉੱਦਮੀਆਂ ਨੂੰ 27 ਕਰੋੜ ਮੁਦਰਾ ਕਰਜ਼ੇ ਦਿੱਤੇ ਹਨ ਜਿਨ੍ਹਾਂ ਨੇ ਆਪਣੀ ‘ਨਾਰੀ ਸ਼ਕਤੀ’ ਨਾਲ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 8 ਅਪਰੈਲ 2015 ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਮਕਸਦ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੀਆਂ ਅਤੇ ਸੂਖਮ ਸਨਅਤਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰਨਾ ਹੈ।
ਇਸ ਬਾਰੇ ਸ਼ਾਹ ਨੇ ਲੜੀਵਾਰ ਟਵੀਟ ‘ਚ ਕਿਹਾ ਕਿ ‘ਨਾਰੀ ਸਨਮਾਨ’ ਪ੍ਰਧਾਨ ਮੰਤਰੀ ਮੋਦੀ ਲਈ ਮਹਿਜ਼ ਨਾਅਰਾ ਨਹੀਂ ਹੈ। ਔਰਤਾਂ ਨੇ ਪੁਲਾੜ ਤੋਂ ਲੈ ਕੇ ਸਟਾਰਟ-ਅੱਪ ਅਤੇ ਰੱਖਿਆ ਤੋਂ ਲੈ ਕੇ ਘਰੇਲੂ ਮਾਮਲਿਆਂ ਤੱਕ ਜੀਵਨ ਦੇ ਸਾਰੇ ਖੇਤਰਾਂ ਵਿੱਚ ਯੋਗਦਾਨ ਪਾਇਆ ਹੈ ਤੇ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ।
ਸ਼ਾਹ ਨੇ ਟਵੀਟ ਕੀਤਾ, ”ਵਿਕਾਸ ਦੇ ਸਿਧਾਂਤ ਵਿੱਚ ਬਦਲਾਅ ਲਿਆਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਨੌਂ ਸਾਲਾਂ ਦਾ ਇੱਕ ਯੁਗ ਵਿਕਸਿਤ ਕੀਤਾ ਹੈ, ਜਿਸ ਤੋਂ ਦੁਨੀਆ ਹੈਰਾਨ ਹੈ। ਭਾਰਤ ਨੇ ਮਹਿਲਾ ਉੱਦਮੀਆਂ ਨੂੰ 27 ਕਰੋੜ ਮੁਦਰਾ ਕਰਜ਼ੇ ਦੇਣ ਦਾ ਰਿਕਾਰਡ ਕਾਇਮ ਕੀਤਾ ਹੈ, ਜੋ ਅੱਜ ਆਪਣੀ ਨਾਰੀ ਸ਼ਕਤੀ ਨਾਲ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੀਆਂ ਹਨ।” ਜ਼ਿਕਰਯੋਗ ਹੈ ਕਿ ਪੀਐੱਮਐੱਮਵਾਈ ਦੇ ਅਧੀਨ ਕਰਜ਼ਿਆਂ ਨੂੰ ਮੁਦਰਾ ਕਰਜ਼ਿਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। -ਪੀਟੀਆਈ