ਕੀਵ, 28 ਜੂਨ
ਪੂਰਬੀ ਯੂਕਰੇਨ ਦੇ ਇੱਕ ਸ਼ਹਿਰ ’ਚ ਇੱਕ ਮਸ਼ਹੂਰ ਪਿਜ਼ਾ ਰੈਸਤਰਾਂ ’ਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਤਿੰਨ ਬੱਚਿਆਂ ਸਣੇ ਘੱਟੋ-ਘੱਟ 11 ਜਣੇ ਹਲਾਕ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬਚਾਅ ਕਰਮੀਆਂ ਵੱਲੋਂ ਇਮਾਰਤ ਦੇ ਮਲਬੇ ਵਿੱਚੋਂ ਲਾਸ਼ਾਂ ਅਤੇ ਜਿਊਂਦੇ ਲੋਕਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।
ਯੂਕਰੇਨ ਦੀ ਕੌਮੀ ਪੁਲੀਸ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਕਰਾਮਾਤੋਰਸਕ ’ਚ ਹੋਏ ਹਮਲੇ ਵਿੱਚ 61 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਕਰਾਮਾਤੋਰਸਕ ਸ਼ਹਿਰ ਕੌਂਸਲ ਦੇ ਸਿੱਖਿਆ ਵਿਭਾਗ ਨੇ ਦੱਸਿਆ ਕਿ ਹਮਲੇ ’ਚ ਦੋ ਭੈਣਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 14 ਸਾਲ ਸੀ। ਟੈਲੀਗ੍ਰਾਮ ’ਤੇ ਪੋਸਟ ’ਚ ਕਿਹਾ ਗਿਆ, ‘‘ਰੂਸੀ ਮਿਜ਼ਾਈਲਾਂ ਨੇ ਦੋ ਪਰੀਆਂ ਦੇ ਦਿਲ ਦੀ ਹਰਕਤ ਬੰਦ ਕਰ ਦਿੱਤੀ।’’
ਵਕੀਲ ਜਨਰਲ ਐਂਡਰੀ ਕੋਸਟਨ ਮੁਤਾਬਕ ਹਮਲੇ ’ਚ ਵਿੱਚ ਮਾਰੇ ਗਏ ਇੱਕ ਹੋਰ ਬੱਚੇ ਦੀ ਉਮਰ 17 ਸਾਲ ਸੀ। ਖੇਤਰੀ ਗਵਰਨਰ ਪਾਵਲੋ ਕਿਰੀਲੈਂਕੋ ਨੇ ਦੱਸਿਆ ਕਿ ਹਮਲੇ ’ਚ 18 ਬਹੁ-ਮੰਜ਼ਿਲਾ ਇਮਾਰਤਾਂ, 65 ਘਰਾਂ, ਪੰਜ ਸਕੂਲਾਂ, ਦੋ ਕਿੰਡਰਗਾਰਟਨ, ਇੱਕ ਸ਼ਾਪਿੰਗ ਸੈਂਟਰ, ਇੱਕ ਪ੍ਰਸ਼ਾਸਨਿਕ ਇਮਾਰਤ ਅਤੇ ਇੱਕ ਮਨੋਰੰਜਨ ਕੇਂਦਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਚਾਅ ਕਰਮੀਆਂ ਵੱਲੋਂ ਹਾਲੇ ਵੀ ਇਮਾਰਤ ਦੇ ਮਲਬੇ ਵਿੱਚੋਂ ਲਾਸ਼ਾਂ ਅਤੇ ਜਿਊਂਦੇ ਬਚੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਕਰਾਮਾਤੋਰਸਕ ਮੂਹਰਲੀ ਕਤਾਰ ਦਾ ਸ਼ਹਿਰ ਹੈ ਜਿੱਥੇ ਯੂਕਰੇਨ ਦੀ ਫੌਜ ਦਾ ਖੇਤਰੀ ਹੈੱਡਕੁਆਰਟਰ ਹੈ। ਪਿਜ਼ਾ ਰੈਸਤਰਾਂ ’ਚ ਜ਼ਿਆਦਾਤਰ ਪੱਤਰਕਾਰ, ਸਹਾਇਕ ਵਰਕਰ ਅਤੇ ਸੈਨਿਕਾਂ ਤੋਂ ਇਲਾਵਾ ਸਥਾਨਕ ਲੋਕ ਵੀ ਆਉਂਦੇ ਸਨ। ਯੂਕਰੇਨ ਦੀ ਸਕਿਉਰਿਟੀ ਸਰਵਿਸ ਨੇ ਕਿਹਾ ਕਿ ਉਸ ਨੇ ਰੈਸਤਰਾਂ ’ਤੇ ਹਮਲੇ ਦਾ ਨਿਰਦੇਸ਼ ਦੇਣ ਦੇ ਸ਼ੱਕ ਹੇਠ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਉਹ ਇੱਕ ਸਥਾਨਕ ਗੈਸ ਏਜੰਸੀ ਵਿੱਚ ਕੰਮ ਕਰਦਾ ਹੈ। -ਏਪੀ