ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਜੂਨ
ਸਥਾਨਕ ਸੈਸ਼ਨ ਚੌਕ ਤੋਂ ਹੈਬੋਵਾਲ ਚੌਂਕ ਤੱਕ ਦੰਡੀ ਸਵਾਮੀ ਵਾਲੇ ਰੋਡ ਦੀ ਮੁੱਖ ਸੜਕ ਦੇ ਉਸਾਰੀ ਕਾਰਜਾਂ ਦੇ ਉਦਘਾਟਨ ਮੌਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਅਤੇ ਹਲਕੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਸ਼ਰਮਾ ਤੋਂ ਇਲਾਵਾ ਹਲਕੇ ਦੇ ਹੋਰ ਲੋਕ ਵੀ ਮੌਜੂਦ ਸਨ।
ਵਿਧਾਇਕ ਬੱਗਾ ਨੇ ਕਿਹਾ ਕਿ ਪੁਰਾਣੀ ਕਚਹਿਰੀ, ਪੈਵੇਲੀਅਨ ਮਾਲ ਤੋਂ ਬਣਨ ਵਾਲੀ ਇਸ ਮੁੱਖ ਸੜਕ ਦੇ ਮੁੜ ਨਿਰਮਾਣ ‘ਤੇ ਲਗਪਗ ਦੋ ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਕਾਸ ਲਈ ਲਿਖਤੀ ਜਾਂ ਫ਼ੋਨ ਰਾਹੀਂ ਉਨ੍ਹਾਂ ਦੀ ਟੀਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਸਨੀਕਾਂ ਨੂੰ ਸਿਹਤ, ਸਿੱਖਿਆ ਅਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕਾ ਦੱਖਣੀ ਵਿੱਚ 11 ਕੇਵੀ ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ ਕੀਤਾ ਗਿਆ ਜਿਸ ‘ਤੇ ਲਗਪਗ 54 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਮੁੱਖ ਇੰਜਨੀਅਰ ਕੇਂਦਰੀ ਜੌਨ ਇੰਜ. ਇੰਦਰਪਾਲ ਸਿੰਘ, ਉਪ-ਮੁੱਖ ਇੰਜਨੀਅਰ ਸਿਟੀ ਵੈਸਟ ਸਰਕਲ ਇੰਜ. ਅਨਿਲ ਕੁਮਾਰ ਸ਼ਰਮਾ ਅਤੇ ਵਧੀਕ ਨਿਗਰਾਨ ਇੰਜੀਨੀਅਰ ਜਨਤਾ ਨਗਰ ਮੰਡਲ ਲੁਧਿਆਣਾ ਇੰਜ. ਅਮਨਦੀਪ ਸਿੰਘ ਵੀ ਮੌਜੂਦ ਸਨ। ਵਿਧਾਇਕ ਛੀਨਾ ਨੇ ਕਿਹਾ ਕਿ ਇਸ ਨਵੇਂ ਫੀਡਰ ਨਾਲ ਗੁਰੂ ਗੋਬਿੰਦ ਸਿੰਘ ਨਗਰ, ਏਕਤਾ ਮਾਰਗ, ਨਿਊ ਅਜ਼ਾਦ ਨਗਰ, ਬਸੰਤ ਨਗਰ, ਢਿੱਲੋਂ ਕਲੋਨੀ ਅਤੇ ਗਰੇਵਾਲ ਕਲੋਨੀ ਦੇ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਵੇਂ ਉਸਾਰੇ ਗਏ ਫੀਡਰ ਨਾਲ 4580 ਘਰਾਂ, 680 ਦੁਕਾਨਾਂ ਅਤੇ ਹੋਰ ਉਦਯੋਗਿਕ ਕੁਨੈਕਸ਼ਨਾਂ ਨੂੰ ਬਿਜਲੀ ਸਮੱਸਿਆ ਤੋਂ ਰਾਹਤ ਮਿਲੇਗੀ।