ਨਵੀਂ ਦਿੱਲੀ, 28 ਜੂਨ
ਸੰਸਦ ਦਾ ਮੌਨਸੂਨ ਸੈਸ਼ਨ ਜੁਲਾਈ ਦੇ ਤੀਜੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਦੀ ਸ਼ੁਰੂਆਤ ‘ਚ ਬੈਠਕ ਪੁਰਾਣੇ ਸੰਸਦ ਭਵਨ ਵਿੱਚ ਹੋ ਸਕਦੀ ਹੈ ਅਤੇ ਬਾਅਦ ਵਿੱਚ ਸੈਸ਼ਨ ਦੀ ਕਾਰਵਾਈ ਨਵੇਂ ਭਵਨ ਵਿੱਚ ਚੱਲ ਸਕਦੀ ਹੈ। ਸੰਸਦੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਈ ਨੂੰ ਕੀਤਾ ਸੀ। ਲਗਪਗ ਇੱਕ ਮਹੀਨਾ ਚੱਲਣ ਵਾਲੇ ਮੌਨਸੂਨ ਸੈਸ਼ਨ ਵਿੱਚ 20 ਬੈਠਕਾਂ ਹੋ ਸਕਦੀਆਂ ਤੇ ਇਹ ਆਜ਼ਾਦੀ ਦਿਵਸ ਤੋਂ ਪਹਿਲਾਂ ਸਮਾਪਤ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸੈਸ਼ਨ ਦੀ ਸ਼ੁਰੂਆਤ ਪੁਰਾਣੇ ਸੰਸਦ ਭਵਨ ਵਿੱਚ ਹੋਵੇਗੀ ਅਤੇ ਬਾਅਦ ਵਿੱਚ ਨਵੇਂ ਸੰਸਦ ਭਵਨ ਵਿੱਚ ਬੈਠਕ ਹੋ ਸਕਦੀ ਹੈ। ਅਗਾਮੀ ਸੈਸ਼ਨ ਵਿੱਚ ਸਰਕਾਰ ‘ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਆਰਡੀਨੈਂਸ’ ਲਿਆ ਸਕਦੀ ਹੈ। -ਪੀਟੀਆਈ