ਟੀਐੱਨ ਨੈਨਾਨ
ਭਾਰਤ ਦੇ ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਮੌਕੇ ਧੂਮ-ਧੜੱਕੇ ਅਤੇ ਰੰਗ ਤਮਾਸ਼ੇ ਨੂੰ ਲਾਂਭੇ ਰੱਖਦੇ ਹੋਏ ਇਕ ਸਵਾਲ ਪੁੱਛਣਾ ਬਣਦਾ ਹੈ: ਪਿਛਲੇ ਕੁਝ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ‘ਚੋਂ ਨਿਸਬਤਨ ਵਧੇਰੇ ਮਹੱਤਵਪੂਰਨ ਘਟਨਾ ਕਿਹੜੀ ਹੈ? ਸੰਯੁਕਤ ਰਾਸ਼ਟਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੀਤਾ ਗਿਆ ਯੋਗ ਅਭਿਆਸ, ਲੜਾਕੂ ਹਵਾਈ ਜਹਾਜ਼ਾਂ ਦੇ ਇੰਜਣ ਬਣਾਉਣ ਲਈ ਜਨਰਲ ਇਲੈਕਟ੍ਰਿਕ-ਹਿੰਦੋਸਤਾਨ ਏਰੋਨੌਟਿਕਸ ਭਿਆਲੀ, ਕੁਝ ਪ੍ਰਮੁੱਖ ਪੱਛਮੀ ਪ੍ਰਕਾਸ਼ਨਾਵਾਂ ਦੀ ਭਾਰਤ ਬਾਰੇ ਨਵੀਂ ਸੁਰ, ਜਾਂ ਘਾਤਕ ਡਰੋਨਾਂ ਅਤੇ ਤਜਾਰਤੀ ਹਵਾਈ ਜਹਾਜ਼ਾਂ ਦਾ ਮਹਾਂ ਆਰਡਰ।
ਵਡੇਰੇ ਰੂਪ ਵਿਚ ਇਹ ਘਟਨਾਵਾਂ ਕੋਮਲ (ਸੌਫਟ) ਜਾਂ ਨਿੱਗਰ (ਹਾਰਡ) ਸ਼ਕਤੀ ਜਾਂ ਪਾਵਰ ਦਾ ਵਿਖਾਲਾ ਕਰਦੀਆਂ ਹਨ। ਕੋਮਲ ਸ਼ਕਤੀ ਦੀ ਮਿਸਾਲ ਵਜੋਂ ‘ਦਿ ਇਕੌਨੋਮਿਸਟ’ ਨੇ ਪਿਛਲੇ ਹਫ਼ਤੇ ਦੇ ਆਪਣੇ ਅੰਕ ਵਿਚ ਇੰਡੀਆ ਪੈਕੇਜ ਤਹਿਤ ਕਰੀਬ ਅੱਧੀ ਦਰਜਨ ਸਟੋਰੀਆਂ ਪ੍ਰਕਾਸ਼ਤ ਕੀਤੀਆਂ ਹਨ ਜਿਸ ਵਿਚ ਇਸ ਦੀ ਕਵਰ ਸਟੋਰੀ ‘ਅਮਰੀਕਾ ਲਈ ਅਤਿ ਲੋੜੀਂਦੇ ਅਤੇ ਨਵੇਂ ਦੋਸਤ ਵਜੋਂ ਭਾਰਤ ਮੋਦੀ ਨੂੰ ਦੁਨੀਆ ਦਾ ਸਭ ਤੋਂ ਵੱਧ ਲੋਕਪ੍ਰਿਆ ਆਗੂ, ਪਰਵਾਸੀ ਭਾਰਤੀ ਭਾਈਚਾਰੇ ਨੂੰ ਇਤਿਹਾਸ ਦਾ ਸਭ ਤੋਂ ਵੱਡਾ ਤੇ ਸਭ ਤੋਂ ਪ੍ਰਭਾਵਸ਼ਾਲੀ ਪਰਵਾਸੀ ਭਾਈਚਾਰੇ ਵਜੋਂ ਅਤੇ ਤੇਜ਼ੀ ਨਾਲ ਵਧ ਰਹੇ ਰੱਖਿਆ ਸਮੱਗਰੀ ਤੇ ਸੁਰੱਖਿਆ ਸਬੰਧਾਂ’ ਤੋਂ ਇਲਾਵਾ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਲਈ ਵੀ ਉਸ ਕਿਸਮ ਦੀ ਸਪੇਸ ਦਿੱਤੀ ਗਈ ਜੋ ਕਦੇ ਹੈਨਰੀ ਕਿਸਿੰਜਰ ਲਈ ਰਾਖਵੀਂ ਹੁੰਦੀ ਸੀ। ਇਕ ਅਜਿਹਾ ਪ੍ਰਕਾਸ਼ਨ ਜਿਹੜੇ ਭਾਰਤੀ ਹੁਲਾਰੇ ਬਾਰੇ ਲੰਮੇ ਅਰਸੇ ਤੋਂ ਆਲੋਚਕ ਰੁਖ਼ ਅਪਣਾਉਂਦਾ ਰਿਹਾ, ਜਦੋਂ ਆਪਣੇ ਤੌਰ ‘ਤੇ ਇਕ ਕਿਸਮ ਦੀ ਵਾਹ ਵਾਹ ਕਰਨ ਲੱਗ ਪਵੇ ਤਾਂ ਧਾਰਨਾਵਾਂ ਬਦਲ ਜਾਂਦੀਆਂ ਹਨ।
ਉਂਝ, ਸਵਾਲ ਪੁੱਛੇ ਜਾ ਸਕਦੇ ਹਨ। ਮਿਸਾਲ ਦੇ ਤੌਰ ‘ਤੇ ਕੀ ਪਰਵਾਸੀ ਭਾਰਤੀ ਭਾਈਚਾਰਾ ਭਾਰਤੀ ਜਾਂ ਅਮਰੀਕੀ ਸੌਫਟ ਪਾਵਰ ਦਾ ਸਬੂਤ ਹੈ? ਯਕੀਨਨ, ਪੰਦਰਾਂ ਸਾਲ ਪਹਿਲਾਂ ਅਮਰੀਕਾ ਵਿਚਲੇ ਭਾਰਤੀ, ਪਰਮਾਣੂ ਸੰਧੀ ਲਈ ਲੌਬੀਇੰਗ ਕਰਦੇ ਰਹੇ ਸਨ ਅਤੇ ਹੁਣ ਉਨ੍ਹਾਂ ਦੀ ਸੰਖਿਆ ਤੇ ਦੌਲਤ ਇੰਨੀ ਵਧ ਗਈ ਹੈ ਕਿ ਅਮਰੀਕੀ ਸਿਆਸਤਦਾਨ ਉਨ੍ਹਾਂ ਨੂੰ ਤਵੱਜੋ ਦੇਣ। ਉਂਝ, ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਸਹੀ ਮਾਇਨਿਆਂ ਵਿਚ ਜਿ਼ਆਦਾ ਭਾਰਤੀ ਸੌਫਟ ਪਾਵਰ ਤਦ ਹੋਣੀ ਸੀ ਜੇ ਬਿਹਤਰੀਨ ਅਤੇ ਸਭ ਤੋਂ ਵੱਧ ਜ਼ਹੀਨ ਅਮਰੀਕੀ ਵਿਦਿਆਰਥੀ ਭਾਰਤੀ ਯੂਨੀਵਰਸਿਟੀਆਂ ਵਿਚ ਆ ਕੇ ਪੜ੍ਹਦੇ ਅਤੇ ਫਿਰ ਭਾਰਤੀ ਪਾਸਪੋਰਟ ਲੈਣ ਲਈ ਕਤਾਰਾਂ ਵਿਚ ਖੜ੍ਹੇ ਹੋਣ।
ਇਸ ਦੇ ਉਲਟ ਜਦੋਂ ਭਾਰਤੀ ਕੁਲੀਨ ਵਰਗ ਦੇ ਨੌਜਵਾਨ ਅਮਰੀਕੀ ਯੂਨੀਵਰਸਿਟੀਆਂ, ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਦੇ ਮੌਕਿਆਂ ਦੀ ਤਲਾਸ਼ ਕਰ ਰਹੇ ਹੋਣ, ਉਸ ਦੇ ਵਿੱਤੀ ਪ੍ਰਬੰਧ ਦੀ ਤਾਕਤ ਅਤੇ ਉਸ ਦੇਸ਼ ਦੇ ਸਾਂਝੀਵਾਲਤਾ ਦੇ ਸੁਭਾਅ ਦੇ ਕਾਇਲ ਹੋ ਰਹੇ ਹੋਣ ਅਤੇ ਉਥੋਂ ਦੀ ਕਾਰੋਬਾਰੀ ਸੌਖ ਤੇ ਅਮਰੀਕੀ ਪਾਪੂਲਰ ਕਲਚਰ ਧੂਹ ਪਾ ਰਿਹਾ ਹੋਵੇ ਤਾਂ ਅਸਲ ਵਿਚ ਇਹ ਅਮਰੀਕੀ ਸੌਫਟ ਪਾਵਰ ਦਾ ਹੀ ਵਿਖਾਲਾ ਹੈ। ਅਸਿੱਧੇ ਤੌਰ ‘ਤੇ ਇਸ ਨਾਲ ਭਾਰਤੀ ਪ੍ਰਬੰਧ ਦੀਆਂ ਖਾਮੀਆਂ ਉਜਾਗਰ ਹੁੰਦੀਆਂ ਹਨ ਜਿਨ੍ਹਾਂ ਕਰ ਕੇ ਬਹੁਤ ਸਾਰੇ ਭਾਰਤੀ ਡਾਲਰ-ਕਰੋੜਪਤੀ ਦੇਸ਼ ਛੱਡ ਕੇ ਦੁਬਈ ਜਾ ਕੇ ਵੱਸ ਰਹੇ ਹਨ।
ਇਸ ਕਰ ਕੇ ਅਸਲ ਵਿਚ ਦੁਵੱਲੇ ਸਬੰਧਾਂ ਵਿਚ ਜੋ ਪਹਿਲੂ ਕੰਮ ਕਰ ਰਿਹਾ ਹੈ, ਉਹ ਹੈ ਹਾਰਡ ਪਾਵਰ ਭਾਵ ਭਾਰਤ ਦਾ ਵਧ ਰਿਹਾ ਫ਼ੌਜੀ ਤੇ ਆਰਥਿਕ ਅਸਰ ਰਸੂਖ ਅਤੇ ਇਸ ਦੀ ਮੰਡੀ ਦੀ ਸੰਭਾਵਨਾ। ਇੰਡੀਗੋ ਅਤੇ ਏਅਰ ਇੰਡੀਆ ਵਲੋਂ ਦਿੱਤੇ ਹਵਾਈ ਜਹਾਜ਼ਾਂ ਦੇ ਵੱਡੇ ਆਰਡਰ ਇਸ ਦਾ ਪ੍ਰਗਟਾਵਾ ਮਾਤਰ ਹਨ। ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਹੈ ਅਤੇ ਇਸ ਨੂੰ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਵਿਚ ਬਹੁਤਾ ਸਮਾਂ ਨਹੀਂ ਲੱਗੇਗਾ। ਆਕਾਰ ਪੱਖੋਂ ਭਾਰਤੀ ਅਰਥਚਾਰਾ ਅਮਰੀਕੀ ਅਰਥਚਾਰੇ ਦਾ ਮਹਿਜ਼ 15 ਫ਼ੀਸਦ ਬਣਦਾ ਹੈ ਪਰ ਦੁਨੀਆ ਦੀ ਵਿਕਾਸ ਦਰ ਵਿਚ ਇਸ ਦਾ ਯੋਗਦਾਨ ਅਮਰੀਕੀ ਯੋਗਦਾਨ ਦਾ 60 ਫ਼ੀਸਦ ਬਣ ਜਾਂਦਾ ਹੈ ਕਿਉਂਕਿ ਇਸ ਸਾਲ ਇਹ ਚਾਰ ਗੁਣਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
ਭਾਰਤ ਦੀ ਫ਼ੌਜ ਵੀ ਅਹਿਮੀਅਤ ਰੱਖਦੀ ਹੈ, ਖ਼ਾਸਕਰ ਹਿੰਦ ਪ੍ਰਸ਼ਾਂਤ ਖੇਤਰ ਵਿਚ ਜਿੱਥੇ ਇਹ ਚੀਨ ਦੀ ਮਜ਼ਬੂਤ ਜਲ ਸੈਨਾ ਦਾ ਟਾਕਰਾ ਕਰ ਸਕਦੀ ਹੈ ਅਤੇ ਭਾਰਤੀ ਸੈਨਾ ਨੂੰ ਇਕ ਦਰਜਨ ਅਮਰੀਕੀ ਪੁਸਾਇਡਨ ਹਵਾਈ ਜਹਾਜ਼ ਦੀਆਂ ਜਾਸੂਸੀ ਤੇ ਹਮਲਾਵਰ ਸੇਵਾਵਾਂ ਫਰਾਹਮ ਹੋ ਰਹੀਆਂ ਹਨ ਅਤੇ 31 ਸੀਅ-ਗਾਰਡੀਅਨ ਡਰੋਨਾਂ ਦਾ ਆਰਡਰ ਦਿੱਤਾ ਜਾ ਰਿਹਾ ਹੈ। ਭਾਰਤ ਦਾ ਫ਼ੌਜੀ ਬਜਟ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਫ਼ੌਜੀ ਬਜਟ ਹੈ ਅਤੇ ਇਹ ਹਥਿਆਰਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਪੱਛਮੀ ਮੁਲਕਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੂੰ ਭਾਰਤ ਵਿਚ ਆ ਕੇ ਬਿਹਤਰ ਕਮਾਈ ਦੇ ਆਸਾਰ ਨਜ਼ਰ ਆਉਂਦੇ ਹਨ ਜਿਵੇਂ ਜਨਰਲ ਇਲੈਕਟ੍ਰਿਕ, ਹਿੰਦੋਸਤਾਨ ਏਰੋਨੌਟਿਕਸ ਨਾਲ ਮਿਲ ਕੇ ਤੇਜਸ, ਮਾਰਕ2 ਇੰਜਣ ਬਣਾਏਗੀ ਅਤੇ ਫਰਾਂਸ ਦੀ ਦਾਸੋ ਕੰਪਨੀ ਨੂੰ 50 ਤੋਂ ਜਿ਼ਆਦਾ ਹੋਰ ਰਾਫੇਲ ਜਹਾਜ਼ਾਂ ਦਾ ਆਰਡਰ ਮਿਲਣ ਦੀ ਆਸ ਹੈ ਜਿਨ੍ਹਾਂ ਵਿਚੋਂ ਅੱਧੇ ਜਹਾਜ਼ ਜੰਗੀ ਬੇੜੇ ਵਿਕਰਾਂਤ ‘ਤੇ ਤਾਇਨਾਤ ਕਰਨ ਲਈ ਹੋਣਗੇ।
ਇਉਂ ਭਾਰਤ ਆਪਣੀ ਵਿਦੇਸ਼ ਨੀਤੀ ਨੂੰ ਵਧੇਰੇ ਨਿਸ਼ਚੇ ਨਾਲ ਲਾਗੂ ਕਰ ਸਕੇਗਾ ਜਿਵੇਂ ਜਦੋਂ ਰੂਸੀ ਤੇਲ ਖਰੀਦਣ ਦੀ ਗੱਲ ਆਈ ਤਾਂ ਇਸ ਨੇ ਪੱਛਮ ਨੂੰ ਅੰਗੂਠਾ ਦਿਖਾ ਦਿੱਤਾ। ਆਪਣੇ ਸੱਤਾਵਾਦੀ, ਘੱਟਗਿਣਤੀ ਵਿਰੋਧੀ ਰੁਝਾਨ ਪ੍ਰਤੀ ਪੱਛਮ ਦੇ ਸਰੋਕਾਰਾਂ ਨੂੰ ਅਣਡਿੱਠ ਕਰ ਦਿੱਤਾ ਅਤੇ ਹੌਲੀ ਹੌਲੀ ਉਨ੍ਹਾਂ ਪ੍ਰਮੁੱਖ ਕੌਮਾਂਤਰੀ ਕਲੱਬਾਂ ਦਾ ਹਿੱਸਾ ਬਣ ਗਿਆ ਜਿਨ੍ਹਾਂ ਤੋਂ ਹੁਣ ਤੱਕ ਇਸ ਨੂੰ ਦੂਰ ਰੱਖਿਆ ਗਿਆ ਸੀ।
ਦੂਜੇ ਪਾਸੇ, ਅਮਰੀਕੀ ਅਰਥਚਾਰੇ ਨੇ ਗਤੀ ਦੇ ਮਾਮਲੇ ਵਿਚ ਪਿਛਲੇ ਇਕ ਦਹਾਕੇ ਤੋਂ ਜਿ਼ਆਦਾ ਅਰਸੇ ਦੌਰਾਨ ਯੂਰੋਪੀਅਨ ਯੂਨੀਅਨ (ਬਰਤਾਨਵੀ ਅਰਥਚਾਰੇ ਸਮੇਤ) ਨੂੰ ਅਸਾਨੀ ਨਾਲ ਪਛਾੜ ਦਿੱਤਾ ਹੈ ਅਤੇ ਹੁਣ ਇਸ ਦਾ ਆਕਾਰ 25 ਫ਼ੀਸਦ ਵੱਡਾ ਹੋ ਗਿਆ ਹੈ। ਇਹ ਕਈ ਪ੍ਰਮੁੱਖ ਤਕਨੀਕੀ ਕੰਪਨੀਆਂ ਦਾ ਟਿਕਾਣਾ, ਕੁੰਜੀਵਤ ਤਕਨਾਲੋਜੀ ਤੇ ਪੂੰਜੀ ਦਾ ਸਰੋਤ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਜਦੋਂ ਵਪਾਰ ਤੇ ਜਲਵਾਯੂ ਤਬਦੀਲੀ ਜਿਹੇ ਬਹੁਪਰਤੀ ਮੁੱਦਿਆਂ ਦਾ ਸੁਆਲ ਆਉਂਦਾ ਹੈ ਤਾਂ ਇਸ ਦੀ ਭੂਮਿਕਾ ਕਾਫ਼ੀ ਅਹਿਮ ਗਿਣੀ ਜਾਂਦੀ ਹੈ। ਇਸ ਤਰ੍ਹਾਂ ਹਾਲਾਂਕਿ ਇਸ ਨੂੰ ਯੋਗ, ਪਰਵਾਸੀ ਭਾਈਚਾਰੇ ਅਤੇ ਸੌਫਟ ਪਾਵਰ ਦੇ ਹੋਰਨਾਂ ਪ੍ਰਗਟਾਵਿਆਂ ਦੀ ਗੱਲ ਕਰਨਾ ਸੁਖਦ ਅਹਿਸਾਸ ਦਿੰਦਾ ਹੈ ਪਰ ਸਬੰਧ ਨੂੰ ਚਲਾਉਣ ਵਾਲੀ ਹਾਰਡ ਪਾਵਰ ਹੈ। ਇਸ ਦੌਰਾਨ ਸੌਫਟ ਪਾਵਰ ਇਸ ਦਾ ਸੁਹਜ ਸੁਆਦ ਵਧਾਉਣ ਵਾਲੀ ਸਮੱਗਰੀ ਦਾ ਕੰਮ ਕਰਦੀ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।