ਪੱਤਰ ਪ੍ਰੇਰਕ
ਮਾਨਸਾ, 27 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਮੰਗ ਕੀਤੀ ਗਈ ਕਿ ਜ਼ਿਲ੍ਹੇ ਦੇ ਪਿੰਡ ਕੁਲਰੀਆਂ ‘ਚ ਅਬਾਦਕਾਰ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਤੋਂ ਜਬਰੀ ਬੇਦਖ਼ਲ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਵਿੱਚ ਕਿਸਾਨਾਂ ਦੀਆਂ 65 ਸਾਲ ਤੋਂ ਚੱਲ ਰਹੀਆਂ ਗਿਰਦਾਵਰੀਆਂ ਤਬਦੀਲ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਨਾਮ ‘ਤੇ ਗਿਰਦਾਵਰੀਆਂ ਦੁਆਰਾ ਬਹਾਲ ਕੀਤੀਆਂ ਜਾਣ। ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਸ਼ਹਿ ‘ਤੇ ਪੰਚਾਇਤ ਵਿਭਾਗ ਅਤੇ ਭੂ-ਮਾਫੀਆ ਦੇ ਬੰਦੇ ਗੱਠਜੋੜ ਬਣਾਕੇ ਕਿਸਾਨਾਂ ਨੂੰ ਜ਼ਮੀਨ ਵਿੱਚੋ ਉਜਾੜਨਾ ਚਾਹੁੰਦੇ ਹਨ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਥਾਂ ਵਿੱਚੋ ਸਰਕਾਰ ਚਲਾਉਣ ਦੇ ਦਾਅਵੇ ਕਰਨ ਵਾਲੀ ਸੱਤਾਧਾਰੀ ਸਰਕਾਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਿਲਾਫ਼ ਇਹ ਜੱਦੋ-ਜਹਿੱਦ ਜ਼ਮੀਨ ਹੱਲ ਵਾਹਕਾ ਨੂੰ ਮਾਲਕੀ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗੀ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਗੁਰਦੀਪ ਸਿੰਘ ਰਾਮਪੁਰਾ, ਮੱਖਣ ਸਿੰਘ ਭੈਣੀਬਾਘਾ, ਬਲਵਿੰਦਰ ਸ਼ਰਮਾ, ਦੇਵੀ ਰਾਮ, ਜਗਦੇਵ ਕੋਟਲੀ, ਤਾਰਾ ਚੰਦ, ਸਤਪਾਲ ਸਿੰਘ ਵਰ੍ਹੇ, ਬਲਜੀਤ ਭੈਣੀਬਾਘਾ, ਮਹਿੰਦਰ ਸਿੰਘ ਬੁਰਜ ਰਾਠੀ, ਸੁਖਵਿੰਦਰ ਕੌਰ ਅਤੇ ਮਿੱਠੂ ਸਿੰਘ ਪੇਰੋਂ ਨੇ ਵੀ ਸੰਬੋਧਨ ਕੀਤਾ।
ਕਿਸਾਨ ਜਥੇਬੰਦੀ ਵੱਲੋਂ ਪੁਲੀਸ ਖ਼ਿਲਾਫ਼ ਧਰਨਾ
ਮਾਨਸਾ (ਪੱਤਰ ਪ੍ਰੇਰਕ): ਪਿੰਡ ਭੈਣੀਬਾਘਾ ਦੇ ਇੱਕ ਕਿਸਾਨ ਨਾਜਰ ਸਿੰਘ ਦੀ ਜ਼ਮੀਨ ਨੂੰ ਆੜ੍ਹਤੀਏ ਵੱਲੋਂ ਗਹਿਣੇ ਕਰਵਾਉਣ ਦੀ ਥਾਂ ਬੈਅ (ਮੁੱਲ) ਦੀ ਰਜਿਸਟਰੀ ਕਰਵਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਪੁਲੀਸ ਚੌਂਕੀ ਠੂਠਿਆਂਵਾਲੀ ਮੁੂਹਰੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮਾਨਸਾ ਦੇ ਆੜ੍ਹਤੀਏ ਵੱਲੋਂ ਧੋਖੇ ਨਾਲ ਕਿਸਾਨ ਤੋਂ ਗਲਤ ਰਜਿਸਟਰੀ ਕਰਵਾਉਣ ਲਈ ਪੁਲੀਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਨੇ ਕਿਹਾ ਕਿ ਜਥੇਬੰਦੀ ਵੱਲੋਂ ਇਸ ਸਬੰਧੀ ਪੁਲੀਸ ਚੌਕੀ ਠੂਠਿਆਂਵਾਲੀ ਵਿੱਚ ਇਤਲਾਹ ਦਿੱਤੀ ਗਈ, ਪਰ ਪੁਲੀਸ ਵੱਲੋਂ ਪੀੜਤ ਕਿਸਾਨ ਦੀ ਕੋਈ ਗੱਲ ਨਾ ਸੁਣੀ ਗਈ ਅਤੇ ਜਥੇਬੰਦੀ ਵੱਲੋਂ ਵੀ ਸੰਪਰਕ ਕਰਨ ‘ਤੇ ਕੋਈ ਇਨਸਾਫ਼ ਨਹੀਂ ਦਿੱਤਾ ਗਿਆ। ਇਸ ਲਈ ਜਥੇਬੰਦੀ ਨੇ ਅੱਜ ਧਰਨਾ ਲਾਇਆ ਹੈ।