ਬੀਰਬਲ ਰਿਸ਼ੀ
ਸ਼ੇਰਪੁਰ, 27 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਵੱਡੇ ਪਿੰਡ ਘਨੌਰੀ ਕਲਾਂ ਨੂੰ ਵਿਕਾਸ ਕਾਰਜਾਂ ਲਈ 19.75 ਕਰੋੜ ਸੀਵਰੇਜ ਸਮੇਤ ਸੈਨੀਟੇਸ਼ਨ ਟਰੀਟਮੈਟ ਪਲਾਂਟ ਅਤੇ 2.23 ਕਰੋੜ ਰੁਪਏ ਪਿੰਡ ਵਾਸੀਆਂ ਨੂੰ ਸ਼ੁੱਧ ਤੇ ਸਾਫ਼ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਦੇ ਪ੍ਰਾਜੈਕਟ ਲਈ ਦਿੱਤੇ ਹਨ। ਇਹ ਖੁਲਾਸਾ ਪਿੰਡ ਨੂੰ ਰੁਸ਼ਨਾਉਣ ਲਈ ਤਕਰੀਬਨ 8 ਲੱਖ ਦੀ ਲਾਗਤ ਨਾਲ ਲਗਾਈਆਂ ਲਾਈਟਾਂ ਦੇ ਰਸਮੀ ਉਦਘਾਟਨ ਲਈ ਦੇਰ ਸ਼ਾਮ ਮੁੱਖ ਮੰਤਰੀ ਧੂਰੀ ਦਫ਼ਤਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ। ਜ਼ਿਕਰਯੋਗ ਹੈ ਕਿ ਲੋਕਾਂ ਨੇ ਇਸ ਸਬੰਧੀ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਕੋਲ ਮੰਗਾਂ ਉਠਾਈਆਂ ਸਨ। ਇਸ ਮੌਕੇ ਪਿੰਡ ਘਨੌਰੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਆਈ 10 ਲੱਖ ਦੀ ਗ੍ਰਾਂਟ ਨਾਲ ਸ਼ੁਰੂ ਕੀਤੇ ਇਮਾਰਤ ਦੇ ਨਵ-ਨਿਰਮਾਣ ਦਾ ਕੰਮ ਅੱਧਵਾਟੇ ਰੋਕਣ ਅਤੇ ਮੌਜੂਦਾ ਵਾਟਰ ਵਰਕਸ ਦੀਆਂ ਪਾਈਪਾਂ ‘ਚ ਕਥਿਤ ਲੀਕੇਜ ਕਾਰਨ ਕੁੱਝ ਲੋਕਾਂ ਤੱਕ ਸਾਫ਼ ਪਾਣੀ ਨਾ ਪੁੱਜਣ ਦਾ ਮੁੱਦਾ ਵੀ ਉੱਠਿਆ। ਉਧਰ, ਪੰਚਾਇਤੀ ਰਾਜ ਦੇ ਏਈ (ਬਿਜਲੀ) ਸਿਧਾਰਥ ਸਿੰਘ ਨੇ ਠੇਕੇਦਾਰ ਪ੍ਰਿੰਸ ਰਿਸ਼ੀ ਰਾਹੀਂ 8.25 ਲੱਖ ਦੀ ਅਨੁਮਾਨਿਤ ਲਾਗਤ ਨਾਲ ਕਰੰਪਟਨ ਕੰਪਨੀ ਦੀਆਂ ਐਲਈਡੀ ਲਾਈਟਾਂ 45 ਵਾਟ ਕੁੱਲ 92, ਐੱਲਈਡੀ ਫਲੱਡ ਲਾਈਟਾਂ ਸੌ ਵਾਟ ਕੁੱਲ ਤਿੰਨ, ਹੈਵਲ ਕੰਪਨੀ ਦੀ ਅਗਾਊਂ ਆਰਡਰ ਦੇ ਕੇ ਤਿਆਰ ਕਰਵਾਈ ਸਪੈਸ਼ਲ ਤਾਰ ਤੇ ਇੱਕ ਨੰਬਰ ਮਟਿਰੀਅਲ ਲਗਾਉਣ ਦਾ ਦਾਅਵਾ ਕੀਤਾ।
ਇਸ ਮੌਕੇ ‘ਆਪ’ ਦੇ ਮੋਹਰੀ ਆਗੂਆਂ ਵਿੱਚ ਸ਼ੁਮਾਰ ਮਾਸਟਰ ਕੁਲਵੰਤ ਸਿੰਘ, ਸਾਬਕਾ ਸਮਿਤੀ ਮੈਂਬਰ ਗੁਰਮੇਲ ਸਿੰਘ, ਕੇਵਲ ਸਿੰਘ, ਅਧਿਕਾਰਤ ਪੰਚ ਜੁਗਰਾਜ ਸਿੰਘ ਜੱਗਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ, ਕਲੱਬ ਪ੍ਰਧਾਨ ਅਮਰੀਕ ਸਿੰਘ, ਮੁਸਲਿਮ ਭਾਈਚਾਰੇ ਵੱਲੋਂ ਵਕੀਲ ਖਾਂ, ਛੱਜੂ ਖਾਂ ਨੇ ਸਮਾਗਮ ਮਗਰੋਂ ਲਾਈਟਾਂ ਦਾ ਜਾਇਜ਼ਾ ਲਿਆ।